ਡੇਰਾ ਪ੍ਰੇਮੀਆਂ ਵੱਲੋਂ ਕਰੋਨਾ ਵਾਰੀਅਰਜ਼ ਨੂੰ ਸੈਲੂਟ ਅਤੇ ਫਰੂਟ ਕਿੱਟਾਂ ਭੇਂਟ
ਅਸ਼ੋਕ ਵਰਮਾ
ਭਗਤਾ ਭਾਈ, 30 ਅਪ੍ਰੈਲ 2021 - ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਵਧਦੇ ਪ੍ਰਕੋਪ ਨੂੰ ਧਿਆਨ ’ਚ ਰੱਖਦਿਆਂ ਅੱਜ ਬਠਿੰਡਾ ਜਿਲ੍ਹੇ ਦੇ ਭਗਤਾ ਭਾਈ ਇਲਾਕੇ ਨਾਲ ਸਬੰਧਤ ਡੇਰਾ ਸੱਚਾ ਸੌਦਾ ਸਰਸਾ ਦੇ ਪੈਰੋਕਾਰਾਂ ਨੇ ਕਰੋਨਾ ਵਾਰੀਅਰਜ਼ ਦੀ ਹੌਂਸਲਾ ਅਫਜ਼ਾਈ ਲਈ ਉਨ੍ਹਾਂ ਨੂੰ ਫਰੂਟ ਕਿੱਟਾਂ ਭੇਂਟ ਕੀਤੀਆਂ ਅਤੇ ਇਸ ਖਤਰਨਾਕ ਮਹੌਲ ਦੌਰਾਨ ਦਿਖਾਈ ਜਾ ਰਹੀ ਦਲੇਰੀ ਨੂੰ ਸੈਲੂਟ ਵੀ ਕੀਤਾ। ਡੇਰਾ ਪ੍ਰੇਮੀਆ ਦੇ ਆਗੂ ਸੁਖਮੰਦਰ ਸਿੰਘ ਭਗਤਾ ਭਾਈ ਨੇ ਦੱਸਿਆ ਕਿ ਕਰੋਨਾ ਵਾਰੀਅਰਜ਼ ਵੱਲੋਂ ਇਸ ਭਿਆਨਕ ਬਿਮਾਰੀ ਦੇ ਦੌਰ ’ਚ ਸਮਾਜ ਦੀ ਕੀਤੀ ਜਾ ਰਹੀ ਸੇਵਾ ਨੂੰ ਦੇਖਦਿਆਂ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਅੱਜ ਸਿਵਲ ਹਸਪਤਾਲ ਭਗਤਾ ਭਾਈ ’ਚ ਪੁੱਜ ਕੇ ਇਹ ਤੁੱਛ ਜਿਹੀ ਸੇਵਾ ਨਿਭਾਈ ਹੈ।
ਉਨ੍ਹਾਂ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਦਿਨ-ਬ-ਦਿਨ ਖਤਰਨਾਕ ਰੂਪ ਧਾਰ ਰਹੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਕੁੱਲ ਫਰੂਟ ਕਿੱਟਾਂ ਵੰਡੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਅੱਜ ਕਰੋਨਾ ਯੋਧਿਆਂ ਨੂੰ ਸਲਾਮ ਕਰਦੇ ਹਾਂ ਜੋ ਦਿਨ ਰਾਤ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਅਨਮੋਲ ਜਿੰਦਗੀਆਂ ਨੂੰ ਬਚਾਅ ਰਹੇ ਹਨ। ਇਸ ਮੌਕੇ ਹੰਸ ਰਾਜ, ਇੱਕਤਰ ਸਿੰਘ, ਸੁਮਨ ਰਾਣੀ, ਸਵਿਤਾ ਰਾਣੀ, ਨੀਲਮ ਅਰੋੜਾ, ਸੁਰਿੰਦਰ ਕੁਮਾਰ ਆਦਿ ਹਾਜਰ ਸਨ।