ਕੈਨੇਡਾ: ਬਰੈਂਪਟਨ ਵਿੱਚ ਘਰ ਪਾਰਟੀ ਕਰਨ ਵਾਲੇ 14 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ
ਬਲਜਿੰਦਰ ਸੇਖਾ
ਬਰੈਂਪਟਨ, 30 ਅਪ੍ਰੈਲ 2021 - ਕੈਨੇਡਾ ਦੇ ਸੂਬੇ ਉਨਟਾਰੀਓ ਪ੍ਰੋਵਿੰਸ ਪੱਧਰ ਉੱਤੇ ਸਟੇਅ ਐਟ ਹੋਮ ਆਰਡਰ ਲਾਗੂ ਹੋਣ ਦੇ ਬਾਵਜੂਦ ਬਰੈਂਪਟਨ ਵਿੱਚ ਕਥਿਤ ਤੌਰ ਉੱਤੇ ਘਰ ਵਿੱਚ ਪਾਰਟੀ ਲਈ ਇੱਕਠੇ ਹੋਏ 14 ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ।
ਸੋਮਵਾਰ ਨੂੰ ਸਿਟੀ ਅਧਿਕਾਰੀਆਂ ਨੂੰ ਸੈਂਡਲਵੁੱਡ ਪਾਰਕਵੇਅ ਵੈਸਟ ਤੇ ਮੈਕਲਾਗਲਿਨ ਰੋਡ ਨੇੜੇ ਈਕੋਰਿੱਜ ਡਰਾਈਵ ਉੱਤੇ ਸਿਟੀ ਅਧਿਕਾਰੀਆਂ ਨੂੰ ਇੱਕ ਘਰ ਵਿੱਚ ਬਹੁਤ ਜਿ਼ਆਦਾ ਰੌਲੇ ਰੱਪੇ ਤੇ ਇੱਕਠ ਦੀ ਜਾਣਕਾਰੀ ਦਿੱਤੀ ਗਈ। ਸਿਟੀ ਅਧਿਕਾਰੀਆਂ ਅਨੁਸਾਰ ਜਦੋਂ ਬਾਇਲਾਅ ਅਧਿਕਾਰੀ ਦੱਸੇ ਗਏ ਪਤੇ ਉੱਤੇ ਪਹੁੰਚੇ ਤਾਂ ਉਨ੍ਹਾਂ ਨੂੰ ਕਈ ਲੋਕ ਗੈਰਕਾਨੂੰਨੀ ਇੱਕਠ ਵਿੱਚ ਸ਼ਾਮਲ ਮਿਲੇ। ਇੱਕ ਬਿਆਨ ਵਿੱਚ ਸਿਟੀ ਦੇ ਬੁਲਾਰੇ ਨੇ ਆਖਿਆ ਕਿ ਇਸ ਸਬੰਧ ਵਿੱਚ ਜਾਂਚ ਕਰਵਾਈ ਗਈ ਤੇ ਕਈ ਲੋਕਾਂ ਨੂੰ ਰੀਓਪਨਿੰਗ ਓਨਟਾਰੀਓ ਐਕਟ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ।
ਘਰ ਦੇ ਕਿਰਾਏਦਾਰਾਂ ਸਮੇਤ 14 ਵਿਅਕਤੀਆਂ ਨੂੰ ਸਿਟੀ ਵੱਲੋਂ ਇਸ ਸਬੰਧ ਵਿੱਚ 880 ਡਾਲਰ ਪ੍ਰਤੀ ਵਿਅਕਤੀ ਜੁਰਮਾਨਾ ਲਾਇਆ ਗਿਆ ਹੈ।ਇੱਕ ਪ੍ਰੈੱਸ ਕਾਨਫਰੰਸ ਵਿੱਚ ਬਰੈਮਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਆਖਿਆ ਕਿ ਇਸ ਤਰ੍ਹਾਂ ਇੰਡੋਰ ਸੋਸ਼ਲ ਈਵੈਂਟਸ ਕਰਵਾਉਣਾ ਗੈਰਕਾਨੂੰਨੀ ਹੈ। ਨਵੇਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਹੀ ਜੁਰਮਾਨੇ ਰੱਖੇ ਗਏ ਹਨ।