ਹੋਮ ਆਈਸੋਲੇਸਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ - ਡੀ ਸੀ ਫ਼ਰੀਦਕੋਟ
ਪਰਵਿੰਦਰ ਸਿੰਘ ਕੰਧਾਰੀ
- ਐਸ.ਡੀ.ਐਮ ਫ਼ਰੀਦਕੋਟ ਦੀ ਨਿਗਰਾਨੀ ਹੇਠ ਰੈਪਿਡ ਰੇਸਪਾਂਸ ਟੀਮਾਂ ਦਾ ਗਠਨ
- ਜ਼ਿਲ੍ਹੇ ਦੇ 1042 ਕਰੋਨਾ ਮਰੀਜ਼ਾਂ ਨੂੰ ਘਰਾਂ ਵਿਚ ਇਕਾਂਤਵਾਸ ਕੀਤਾ ਗਿਆ
ਫ਼ਰੀਦਕੋਟ, 30 ਅਪ੍ਰੈਲ - ਜ਼ਿਲ੍ਹੇ ਵਿਚ ਕਰੋਨਾ ਦੀ ਰੋਕਥਾਮ ਲਈ ਹੋਮ ਆਈਸੋਲੇਸਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ਲਈ ਬਕਾਇਦਾ ਤੌਰ ਤੇ ਐਸ.ਡੀ.ਐਮ ਫ਼ਰੀਦਕੋਟ ਮੈਡਮ ਪੂਨਮ ਸਿੰਘ ਕੋਵਿਡ ਪੇਸ਼ੈਂਟ ਟਰੈਕਿੰਗ ਅਫ਼ਸਰ (ਸੀ.ਪੀ.ਟੀ.ਓ) ਵਜੋਂ ਕੰਮ ਕਰ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦਿੰਦਿਆ ਦੱਸਿਆ ਕਿ ਐਸ.ਡੀ.ਐਮ ਦੀ ਨਿਗਰਾਨੀ ਹੇਠ ਇਹ ਨਿਗਰਾਨ ਟੀਮਾਂ ਸ਼ਹਿਰਾਂ 'ਚ ਨਗਰ ਕੋਂਸਲ ਦੇ ਅਧਿਕਾਰੀ/ਕਰਮਚਾਰੀ ਅਤੇ ਪਿੰਡਾਂ 'ਚ ਪੰਚਾਇਤ ਸਕੱਤਰਾਂ ਦੇ ਨਿਗਰਾਨੀ ਹੇਠ ਟੀਮਾਂ ਕੰਮ ਕਰਨਗੀਆਂ। ਇਹਨਾਂ ਟੀਮਾਂ ਵਿਚ ਏ.ਐਨ.ਐਮ/ਆਸ਼ਾ ਵਰਕਰਜ਼,ਗ੍ਰਾਮ ਸੇਵਾਕ, ਪੁਲਿਸ ਮੁਲਾਜ਼ਮ ਸਮੇਤ ਕੁੱਲ 4 ਅਧਿਕਾਰੀ/ਕਰਮਚਾਰੀ ਸ਼ਾਮਿਲ ਹੋਣਗੇ। ਇਹ ਟੀਮਾਂ ਘਰਾਂ ਵਿੱਚ ਇਕਾਂਤਵਾਸ ਕੀਤੇ ਮਰੀਜਾਂ ਦੀ ਲਗਾਤਾਰ ਨਿਗਰਾਨੀ ਕਰਨਗੀਆਂ ਅਤੇ ਉਲੰਘਣਾ ਸਾਹਮਣੇ ਆਉਣ ਉੱਤੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸਨਰ ਨੇ ਪੁਲਿਸ ਸਮੇਤ ਟੀਮ 'ਚ ਸ਼ਾਮਿਲ ਮੈਂਬਰਾਂ ਨੂੰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨ ਦੀ ਹਦਾਇਤ ਕੀਤੀ ਹੈ। ਇਹ ਨਗਰ ਕੌਂਸਲ ਅਧਿਕਾਰੀ/ਕਰਮਚਾਰੀ, ਪੰਚਾਇਤ ਸਕੱਤਰ ਰੈਪਿਡ ਰੇਸਪਾਂਸ ਟੀਮਾਂ ਨਾਲ ਰਲ ਕੇ ਕੰਮ ਕਰਨਗੇ। ਜਿਹੜੇ ਮਰੀਜਾਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਹੋਵੇਗਾ, ਉਹਨਾਂ ਦੀ ਸੂਚੀ ਇਹਨਾਂ ਕੋਲ ਹੋਵੇਗੀ। ਇਹ ਕਰਮਚਾਰੀ ਇਹ ਯਕੀਨੀ ਬਣਾਉਣਗੇ ਕਿ ਉਹਨਾਂ ਦੇ ਇਲਾਕੇ ਵਾਲੇ ਕੋਵਿਡ ਪਾਜਿਟਵ ਮਰੀਜ ਇਕਾਂਤਵਾਸ ਦੀ ਉਲੰਘਣਾ ਨਾ ਕਰਨ। ਉਲੰਘਣਾ ਹੋਣ ਉੱਤੇ ਇਹ ਤੁਰੰਤ ਰਿਪੋਰਟ ਕਰਨਗੇ। ਉਹਨਾਂ ਕਿਹਾ ਕਿ ਪਿੰਡਾਂ ਅਤੇ ਵਾਰਡਾਂ ਪਿੱਛੇ ਹੋਰ ਟੀਮਾਂ ਵੀ ਗਠਿਤ ਕੀਤਾ ਜਾਣਗੀਆਂ , ਜਿਹੜਾ ਕਿ ਚੈਕ ਕਰਨਗੀਆਂ ਕਿ ਇਹ ਟੀਮਾਂ ਠੀਕ ਡਿਊਟੀ ਕਰ ਰਹੀਆਂ ਹਨ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰ ਜਿਸ ਵਿਚ ਫ਼ਰੀਦਕੋਟ ਲਈ 118 ਟੀਮਾਂ, ਜੈਤੋ ਲਈ 41 ਟੀਮਾਂ ਅਤੇ ਕੋਟਕਪੂਰਾ ਹਲਕੇ ਦੇ ਪੇਂਡੂ ਖੇਤਰਾਂ ਲਈ 28 ਟੀਮਾਂ ਬਣਾਈਆਂ ਗਈਆਂ ਹਨ ਜਦਕਿ ਨਗਰ ਕੌਂਸਲ ਦੀਆਂ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਇਹਨਾਂ ਟੀਮ ਮੈਂਬਰਾਂ ਨੂੰ ਕਿਹਾ ਕਿ ਹੁਣ ਕਰੋਨਾ ਦਾ ਕਹਿਰ ਵਧਣ ਕਾਰਣ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਇਸ ਕਰਕੇ ਸਾਡੀ ਸਾਰੀਆਂ ਦੀ ਡਿਊਟੀ ਬਣਦੀ ਹੈ ਕਿ ਅਸੀਂ ਆਪਣੀ ਆਪਣੀ ਡਿਊਟੀ ਨੂੰ ਸਮਝੀਏ ਅਤੇ ਇਸ ਲੜ੍ਹਾਈ ਨੂੰ ਜਿੱਤਣ ਵਿੱਚ ਆਪਣਾ ਯੋਗਦਾਨ ਪਾਈਏ। ਉਹਨਾਂ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰਾਂ ਵਿਚ ਲੋਕਾਂ ਨੂੰ ਇਸ ਬਿਮਾਰੀ ਦੀ ਭਿਆਨਕਤਾ ਅਤੇ ਇਸ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕਰਨ। ਡਿਪਟੀ ਕਮਿਸਨਰ ਨੇ ਕਿਹਾ ਕਿ ਕਰੋਨਾ ਵਿਰੁੱਧ ਲੜ੍ਹਾਈ ਵਿੱਚ ਜੌ ਵੀ ਪੰਚਾਇਤ ਜਾਂ ਸੰਸਥਾ ਜਾਂ ਕੌਂਸਲਰ ਵਧੀਆ ਕਾਰਗੁਜਾਰੀ ਦਿਖਾਏਗਾ, ਉਸ ਨੂੰ ਜਿਲ੍ਹਾ ਪ੍ਰਸਾਸਨ ਵੱਲੋਂ ਵਿਸ਼ੇਸ ਤੌਰ ਉੱਤੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਰਾਤ ਦੀ ਤਾਲਾਬੰਦੀ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਐਸ.ਡੀ.ਐਮ ਫ਼ਰੀਦਕੋਟ ਮੈਡਮ ਪੂਨਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫ਼ਰੀਦਕੋਟ ਵਿਚ ਹੁਣ ਤੱਕ 1042 ਮਰੀਜਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਤੇ ਉਹਨਾਂ ਨੂੰ ਘਰ ਵਿਚ ਇਲਾਜ ਲਈ ਫਤਿਹ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ ਤੇ ਡਾਕਟਰਾਂ ਦੀਆਂ ਟੀਮਾਂ ਵੱਲੋਂ ਵੀ ਉਹਨਾਂ ਦਾ ਇਲਾਜ ਤੇ ਨਿਗਰਾਨੀ ਕੀਤੀ ਜਾ ਰਹੀ ਹੈ।