ਕੋਰੋਨਾ ਮਹਾਂਮਾਰੀ: ਆਪ ਵੱਲੋਂ ਸਰਕਾਰੀ ਢਾਂਚਾ ਮਜਬੂਤ ਕਰਨ ਦੀ ਨਸੀਹਤ
ਅਸ਼ੋਕ ਵਰਮਾ
ਬਠਿੰਡਾ , 30 ਅਪ੍ਰੈਲ2021: ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਸੂਬੁੇ ’ਚ ਦਿਨੋ ਦਿਨ ਵਧ ਰਹੇ ਕਰੋਨਾ ਦੇ ਕਹਿਰ ਨੂੰ ਦੇਖਦਿਆਂ ਸਰਕਾਰੀ ਸਿਹਤ ਢਾਂਚਾ ਮਜਬੂਤ ਕਰਨ ਦੀ ਨਸੀਹਤ ਦਿੱਤੀ ਹੈ। ਆਪ ਆਗੂਆਂ ਨੇ ਪੰਜਾਬ ’ਚ ਬਣੀ ਸਥਿਤੀ ਲਈ ਕੈਪਟਨ ਸਰਕਾਰ ਨੂੰ ਨਿਸ਼ਾਨਾ ਬਣਾਇਆ ਤਾਂ ਪਿਛਲੀ ਗਠਜੋੜ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ। ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਨੀਲ ਗਰਗ , ਬਠਿੰਡਾ ਦਿਹਾਛੀ ਹਲਕੇ ਤੋਂ ਵਿਧਾਇਕਾ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਅਤੇ ਤਲਵੰਡੀ ਸਾਬੋ ਹਲਕੇ ਦੀ ਵਿਧਾਇਕ ਪ੍ਰੋ ਬਲਜਿੰਦਰ ਕੌਰ (ਐਮ.ਐਲ.ਏ), ਪ੍ਰੋਫੈਸਰ ਰੁਪਿੰਦਰ ਰੂਬੀ (ਐਮ.ਐਲ.ਏ) ਨੇ ਕਿਹਾ ਕਿ ਕਿ ਭਾਵੇਂ ਕੋਰੋਨਾ ਮਹਾਂਮਾਰੀ ਦਾ ਕਹਿਰ ਪੂਰੇ ਦੇਸ਼ ਵਿੱਚ ਹੈ ਪਰ ਪੰਜਾਬ ਵਿੱਚ ਵਧਦੇ ਕੋਰੋਨਾ ਦੇ ਕੇਸਾਂ ਅਤੇ ਸਭ ਤੋਂ ਵੱਧ ਮੌਤ ਦਰ ਨੇ ਨਾ ਕੇਵਲ ਚਿੰਤਾਵਾਂ ਵਧਾ ਦਿੱਤੀਆਂ ਹਨ ਬਲਕਿ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ।
ਉਨ੍ਹਾਂ ਆਖਿਆ ਕਿ ਪੰਜਾਬ ‘ਚ ਕੋਰੋਨਾ ਦੀ ਮੌਤ ਦਰ ਨਿੱਘਰੀਆਂ ਸਿਹਤ ਸੇਵਾਵਾਂ ਦਾ ਨਤੀਜਾ ਹੈ ਜਿਸ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਅਤੇ ਮੌਜੂਦਾ ਕੈਪਟਨ ਸਰਕਾਰ ਬਰਾਬਰ ਦੀਆਂ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਹੁਣ ਤੱਕ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਪਾਰਟੀਆਂ ਦੀਆਂ ਹੀ ਸਰਕਾਰਾਂ ਰਹੀਆਂ ਹਨ ਜਿੰਨ੍ਹਾਂ ਨੇਦੇ ਸਿਹਤ ਪ੍ਰਬੰਧਾਂ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇੱਕ ਪਾਰਟੀ ਦੀ ਸਰਕਾਰ ਤੋਂ ਦੁਖੀ ਹੋ ਕੇ ਦੂਜੀ ਪਾਰਟੀ ਨੂੰ ਪੰਜਾਬ ਦੀ ਸੱਤਾ ਸੌਂਪਦੇ ਰਹੇ ਹਨ ਪਰ ਕੈਪਟਨ ਅਤੇ ਬਾਦਲ ਨੇ ਸਰਕਾਰੀ ਹਸਪਤਾਲਾਂ ’ਚ ਪ੍ਰਬੰਧ ਵਧਾਉਣ ਦੀ ਥਾਂ ਨਿੱਜੀ ਹਸਪਤਾਲਾਂ ਦੇ ਚੱਕਰ ’ਚ ਸਰਕਾਰੀ ਹਸਪਤਾਲ ਤਬਾਹ ਕਰਕੇ ਰੱਖ ਦਿੱਤੇ ਹਨ ਜਿਸ ਦਾ ਖਮਿਆਜਾ ਪੰਜਾਬ ਦੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਿਹਤ ਸੇਵਾਵਾਂ ਨੂੰ ਠੀਕ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਅਤੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਇੱਕ ਵੀ ਨਵਾਂ ਸਰਕਾਰੀ ਹਸਪਤਾਲ ਨਹੀਂ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸਰਕਾਰੀ ਹਸਪਤਾਲ ਹਨ, ਉਨ੍ਹਾਂ ਵਿੱਚ ਵੀ ਸਾਧਨਾਂ ਅਤੇ ਮੈਡੀਕਲ ਸਟਾਫ ਦੀ ਘਾਟ ਹੈ,ਨਾ ਡਾਕਟਰ ਹਨ,ਨਾ ਚੰਗੀਆਂ ਲੈਬੋਰੇਟਰੀਆਂ, ਨਾਂ ਦਵਾਈਆਂ, ਅਤੇ ਆਕਸੀਜਨ ਅਤੇ ਵੈਂਟੀਲੇਟਰ ਤਾਂ ਦੂਰ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਜਿਲ੍ਹੇ ’ਚ ਗੰਭੀਰ ਕਰੋਨਾ ਮਰੀਜਾਂ ਲਈ ਲੈਵਲ-3 ਦਾ ਇੱਕ ਵੀ ਬੈੱਡ ਨਹੀਂ ਹੈ। ਆਪ ਆਗੂਆਂ ਨੇ ਦੋਸ਼ ਲਾਏ ਕਿ ਬਾਦਲਾਂ ਨੇ ਸਰਕਾਰੀ ਹਸਪਤਾਲਾਂ ਦੀ ਕੀਮਤੀ ਜਮੀਨ ‘ਤੇ ਨਿੱਜੀ ਹਸਪਤਾਲ ਬਣਾਏ ਤੇ ਹੁਣ ਮੌਜੂਦਾ ਕੈਪਟਨ ਸਰਕਾਰ ਵੀ ਓਸੇ ਰਾਹ ਤੇ ਚੱਲ ਰਹੀ ਹੈ।
ਉਨ੍ਹਾਂ ਕੈਪਟਨ ਅਤੇ ਬਾਦਲ ਨੂੰ ਸਵਾਲ ਕੀਤਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣ ਕਿ ਜਿੰਨ੍ਹਾਂ ਹਸਪਤਾਲਾਂ ਨੂੰ ਖੋਲ੍ਹਣ ਲਈ ਬੇਸ਼ਕੀਮਤੀ ਜਮੀਨ ਦਿੱਤੀ ਹੈ,ਉਨ੍ਹਾਂ ਨੇ ਕਿੰਨੇ ਗਰੀਬ ਪ੍ਰੀਵਾਰਾਂ ਦਾ ਇਲਾਜ ਕੀਤਾ ਹੈ।ਇਨ੍ਹਾਂ ਆਗੂਆਂ ਨੇ ਕੋਰੋਨਾ ਨਾਲ ਲੜਨ ਲਈ, ਆਕਸੀਜਨ ਅਤੇ ਦਵਾਈਆਂ ਆਦਿ ਦਾ ਫੌਰੀ ਤੌਰ ਤੇ ਪ੍ਰਬੰਧ, ਡਾਕਟਰਾਂ ਤੇ ਮੈਡੀਕਲ ਸਟਾਫ ਦੀ ਭਰਤੀ ਅਤੇ ਸਿਹਤ ਵਿਭਾਗ ਨੂੰ ਕੋੋਰੋਨਾ ਨਾਲ ਨਜਿੱਠਣ ਲਈ ਵਿਸ਼ੇਸ਼ ਬਜਟ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ’ਚ ਬਣਿਆ ਡਰ ਜਾਂ ਸਹਿਮ ਦਾ ਮਹੌਲ ਖਤਮ ਹੋਵੇ ਅਤੇ ਉਹ ਪੂਰੇ ਹੌਂਸਲੇ ਦੇ ਨਾਲ ਕੋਰੋਨਾ ਦਾ ਮੁਕਾਬਲਾ ਕਰ ਸਕਣ।