ਮਾਨਸਾ ਕੋਰੋਨਾ ਮਰੀਜ਼ਾਂ ਲਈ ਆਕਸੀਮੀਟਰ ਥੁੜੇ, ਸਿਹਤ ਵਿਭਾਗ ਨੂੰ ਪਈ ਚਿੰਤਾ
ਸੰਜੀਵ ਜਿੰਦਲ
ਮਾਨਸਾ , 30 ਅਪ੍ਰੈਲ 2021: ਕੋਰੋਨਾਂ ਮਹਾਂਮਾਰੀ ਦੀ ਦੂਜੀ ਲਹਿਰ ਨੇ ਸਿਹਤ ਵਿਭਾਗ ਨੂੰ ਚਿੰਤਾਂ ਵਿੱਚ ਪਾ ਦਿੱਤਾ ਹੈ। ਸਾਰੇ ਪ੍ਰਬੰਧ ਥੋੜ੍ਹੇ ਪੈਣ ਲੱਗੇ ਹਨ ਅਤੇ ਕੋਰੋਨਾ ਪਾਜਟਿਵ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ ਦਿਨੀ ਸਰਕਾਰੀ ਹਸਪਤਾਲ ਭੀਖੀ ਦੇ ਐਸ ਐਮ ਓ ਡਾ. ਪੁਸ਼ਪਿੰਦਰ ਸਿੰਗਲਾ ਦੀ ਕੋਰੋਨਾ ਨਾਲ ਮੌਤ ਹੋਣ ਨੂੰ ਲੈ ਕੇ ਵੀ ਸਿਹਤ ਵਿਭਾਗ ਚਿੰਤਾ ਵਿੱਚ ਹੈ। ਇਸਦੇ ਨਾਲ ਬੀਤੀ ਕੱਲ੍ਹ ਕੋਰੋਨਾ ਦੇ ਸਿਰਫ 4 ਕੇਸਾਂ ਦੀ ਰਿਪੋਰਟ ਸਿਹਤ ਵਿਭਾਗ ਵੱਲੋ ਜਨਤਕ ਕੀਤੇ ਜਾਣ ਤੋ ਬਾਅਦ ਸਵਾਲ ਉੱਠ ਖੜ੍ਹੇ ਹਨ ਕਿ ਇੰਨੀ ਤਦਾਦ ਵਿੱਚ ਪਾਜਟਿਵ ਕੇਸ ਆਉਣ ਦੇ ਬਾਅਦ ਵੀ ਇੱਕ ਦਿਨ ਇੱਕ ਦਮ ਕੇਸਾਂ ਵਿੱਚ ਕਮੀ ਕਿਵੇਂ ਆਈ।
ਜਿਲ੍ਹਾ ਮਾਨਸਾ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ 1500 ਤੋ ਟੱਪ ਚੁੱਕੀ ਹੈ ਅਤੇ ਜਿਹੜੇ ਵਿਅਕਤੀ ਘਰਾਂ ਵਿੱਚ ਇਕਾਂਤਵਾਸ ਹਨ ਜਾਂ ਨਵੇਂ ਮਰੀਜ ਸਾਹਮਣੇ ਆ ਰਹੇ ਹਨ, ਉਨ੍ਹਾਂ ਲਈ ਸਿਹਤ ਵਿਭਾਗ ਅਤੇ ਸਰਕਾਰ ਕੋਲ ਆਕਸੀਮੀਟਰ ਵੀ ਨਹੀਂ ਹਨ। ਪੂਰੇ ਪੰਜਾਬ ਵਿੱਚ ਇਸਦੀ ਥੁੜ੍ਹ ਪੈ ਗਈ। ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਆਕਸੀਮੀਟਰ ਲੱਭੇ ਨਹੀ ਮਿਲ ਰਹੇ। ਮਰੀਜਾਂ ਦੀ ਗਿਣਤੀ ਪ੍ਰਤੀ ਦਿਨ ਸੈਕੜੇ ਟੱਪ ਰਹੀ ਪਰ ਆਕਸੀਮੀਟਰ ਇੱਕ ਵੀ ਨਹੀ ਮਿਲ ਰਿਹਾ।
ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋ ਦਿੱਤੀ ਜਾਣ ਵਾਲੀ ਫਤਿਹ ਕਿੱਟ ਵਿੱਚ ਪਹਿਲਾਂ ਲੋੜੀਦੀਆਂ ਦਵਾਈਆਂ ਦੇ ਨਾਲ ਆਕਸੀਮੀਟਰ ਵੀ ਉਪਲੱਬਧ ਹੁੰਦਾ ਸੀ ਪਰ ਹੁਣ ਉਹ ਕਿੱਟ ਵਿੱਚੋ ਗਾਇਬ ਹੋ ਗਿਆ ਹੈ, ਮਤਲਬ ਕਿ ਸਰਕਾਰ ਕੋਲ ਵੀ ਆਕਸੀਮੀਟਰ ਦੀ ਥੁੜ ਪੈ ਗਈ ਹੈ। ਮਾਹਿਰਾਂ ਅਨੁਸਾਰ ਇਹ ਆਕਸੀਮੀਟਰ ਕੋਰੋਨਾ ਪਾਜਟਿਵ ਮਰੀਜ ਦਾ ਆਕਸੀਜਨ ਪੱਧਰ ਚੈੱਕ ਕਰਦਾ ਹੈ ਅਤੇ ਮਰੀਜ ਨੂੰ ਇਹ ਕਿੱਟ ਦੇਣ ਵੇਲੇ ਸਮਝਾਇਆ ਜਾਂਦਾ ਹੈ ਕਿ ਜੇਕਰ ਤੁਹਾਡਾ ਆਕਸੀਜਨ ਲੈਵਲ 90 ਤੋ ਘੱਟ ਜਾਂਦਾ ਹੈ ਤਾਂ ਮਰੀਜ ਨੂੰ ਇਸਤੋ ਤੁਰੰਤ ਚੁਕੰਨਾ ਹੋ ਕੇ ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਦੇਣੀ ਬਣਦੀ ਹੈ ।
ਪਰ ਜਦ ਹੁਣ ਘਰਾਂ ਵਿੱਚ ਇਕਾਂਤਵਾਸ ਬੈਠੇ ਕੋਰੋਨਾ ਮਰੀਜਾਂ ਕੋਲ ਆਕਸੀਮੀਟਰ ਹੀ ਨਹੀ ਹੈ ਤਾਂ ਉਹ ਆਪਣੀ ਬਿਮਾਰੀ ਅਤੇ ਆਕਸੀਜਨ ਦਾ ਲੈਵਲ ਕਿਸ ਆਧਾਰ ਤੇ ਚੈਕ ਕਰਨਗੇ। ਇਸਨੂੰ ਲੈ ਕੇ ਮਰੀਜ ਦੀ ਜਾਨ ਖਤਰੇ ਵਿੱਚ ਵੀ ਪੈ ਸਕਦੀ ਹੈ , ਪਰ ਸਰਕਾਰੀ ਪ੍ਰਬੰਧਾ ਅਤੇ ਯਤਨਾਂ ਨੂੰ ਦੇਖਦੇ ਹੋਏ ਅਜਿਹੇ ਪ੍ਰਬੰਧ ਨੇੜਲੇ ਭਵਿੱਖ ਵਿੱਚ ਹੁੰਦੇ ਨਜਰ ਨਹੀ ਆ ਰਹੇ। ਸਿਹਤ ਵਿਭਾਗ ਦੇ ਕੁਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਪ੍ਰਤੀ ਦਿਨ 3 ਲੱਖ ਤੋ ਜ਼ਿਆਦਾ ਕੋਰੋਨਾ ਪਾਜਟਿਵ ਕੇਸ ਸਾਹਮਣੇ ਆ ਰਹੇ ਹਨ । ਇਸ ਤਦਾਦ ਵਿੱਚ ਆਕਸੀਮੀਟਰ ਤਿਆਰ ਨਹੀ ਹੋ ਸਕਦਾ। ਜਿਸ ਕਰਕੇ ਇਸਦੀ ਥੁੜ ਪਈ ਹੋਈ ਹੈ ਪਰ ਫਿਰ ਵੀ ਵਿਭਾਗ ਵੱਲੋ ਇਸਦੇ ਲਈ ਇੱਕਾ ਦੁੱਕਾ ਪ੍ਰਬੰਧ ਕੀਤੇ ਜਾ ਰਹੇ ਹਨ।
ਪਤਾ ਲੱਗਿਆ ਹੈ ਕਿ ਜਿਲੇ ਦੇ ਐਸਐਸਪੀ ਸ੍ਰੀ ਸੁਰਿੰਦਰ ਲਾਂਬਾ ਨੇ ਇਸਦੀ ਚਿੰਤਾ ਪ੍ਰਗਟ ਕਰਦਿਆ ਸ਼ਹਿਰ ਦੇ ਸਮਾਜਸੇਵੀਆਂ ਅਤੇ ਹੋਰ ਵਿਅਕਤੀਆਂ ਨਾਲ ਮੀਟਿੰਗ ਕਰਕੇ ਇਸਦੇ ਪ੍ਰਬੰਧ ਕਰਨ ਦੀ ਮੁਹਿੰਮ ਚਲਾਈ ਹੈ । ਜਿਸ ਤਹਿਤ ਪਹਿਲਾ ਕੋਰੋਨਾ ਪਾਜਟਿਵ ਹੋ ਚੁੱਕੇ ਮਰੀਜਾਂ ਕੋਲ ਘਰ ਪਏ ਆਕਸੀਮੀਟਰ ਲੋਕਾਂ ਨੂੰ ਦੇਣ ਦੀ ਅਪੀਲ ਕੀਤੀ ਗਈ ਹੈ। ਇਹ ਆਕਸੀਮੀਟਰ ਕਿਸੇ ਵੀ ਜਿੰਦਗੀ ਬਚਾਉਣ ਵਾਸਤੇ ਕਾਰਗਰ ਸਾਬਤ ਹੋ ਸਕਦੇ ਹਨ। ਐਡਵੋਕੇਟ ਗੁਰਲਾਭ ਸਿੰਘ ਮਾਹਲ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ ਅਤੇ ਹੋਰ ਆਗੂ ਇਸ ਮੁਹਿੰਮ ਦਾ ਹਿੱਸਾ ਬਣੇ ਹਨ। ਐਸਐਸਪੀ ਮਾਨਸਾ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਤੋ ਜਾਗਰੂਕਤਾ ਹੀ ਸਾਡਾ ਵੱਡਾ ਬਚਾਅ ਹੈ ਅਤੇ ਇਸ ਵਿੱਚ ਪੁਲਿਸ ਪ੍ਰਸ਼ਾਸ਼ਨ ਅਤੇ ਸਮਾਜਸੇਵੀ ਸੰਸਥਾਵਾ ਅਤੇ ਸਿਹਤ ਵਿਭਾਗ ਜੁਟਿਆ ਹੋਇਆ ਹੈ।
ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋ ਭੇਜੀ ਜਾਣ ਵਾਲੀ ਫਤਿਹ ਕਿੱਟ ਵਿੱਚ ਪਹਿਲਾਂ ਆਕਸੀਮੀਟਰ ਹੋਇਆ ਕਰਦਾ ਸੀ ਪਰ ਹੁਣ ਉਹ ਨਹੀ ਹੈ, ਜਿਸ ਕਰਕੇ ਇਹ ਆਕਸੀਮੀਟਰ ਪਿੱਛੇ ਤੋਂ ਹੀ ਉੱਪਲਬਧ ਨਹੀ ਹੋ ਰਹੇ। ਉਨ੍ਹਾਂ ਕਿਹਾ ਕਿ ਇਸ ਵਾਸਤੇ ਯਤਨ ਜਾਰੀ ਹਨ ਅਤੇ ਮਰੀਜਾਂ ਨੂੰ ਉੱਪਲਬਧ ਹੁੰਦੇ ਹੀ ਇਹ ਆਕਸੀਮੀਟਰ ਦੇ ਦਿੱਤੇ ਜਾਂਦੇ ਹਨ।