ਕੋਰੋਨਾ ਦਾ ਕਹਿਰ: ਲਾਸ਼ਾਂ ਦੇ ਅੰਤਮ ਸਸਕਾਰ ਲਈ ਸਿਵਿਆਂ ’ਚ ਥਾਂ ਮੁੱਕੀ
ਅਸ਼ੋਕ ਵਰਮਾ
ਬਠਿੰਡਾ,29ਅਪਰੈਲ2021:ਇਸ ਨੂੰ ਕਰੋਨਾ ਮਹਾਂਮਾਰੀ ਦਾ ਕਹਿਰ ਹੀ ਕਿਹਾ ਜਾ ਸਕਦਾ ਹੈ ਕਿ ਸ਼ਮਸ਼ਾਨਘਾਟ ’ਚ ਲਾਸ਼ਾਂ ਦੇ ਅੰਤਮ ਸਸਕਾਰ ਲਈ ਜਗ੍ਹਾ ਘੱਟ ਪੈਣ ਲੱਗੀ ਹੈ। ਅਜਿਹੀ ਭਿਆਨਕ ਸਥਿਤੀ ਪਹਿਲੀ ਵਾਰ ਬਣੀ ਹੈ ਕਿ ਲੋਕਾਂ ਨੂੰ ਆਪਣੇ ਪਿਆਰਿਆਂ ਦੀਆਂ ਅੰਤਮ ਰਸਮਾਂ ਫਰਸ਼ ਤੇ ਨਿਭਾਉਣੀਆਂ ਪੈ ਰਹੀਆਂ ਹਨ ਜਾਂ ਫਿਰ ਕਰੋਨਾ ਸੰਕਟ ਦੌਰਾਨ ਸਮਾਜਸੇਵੀ ਸੰਸਥਾਵਾਂ ਦੇ ਵਲੰਟੀਅਰ ਇਹ ਫਰਜ਼ੀ ਨਿਭਾ ਰਹੇ ਹਨ। ਵੱਡੀ ਗੱਲ ਹੈ ਕਿ ਅਗਲੇ ਦਿਨ ਲਈ ਸਸਕਾਰ ਲਈ ਬਣੇ ਥੜ੍ਹਿਆਂ ਨੂੰ ਪਾਣੀ ਨਾਲ ਠੰਖਾ ਕਰਨਾ ਪੈ ਰਿਹਾ ਹੈ ਅਤੇ ਮ੍ਰਿਤਕਾਂ ਦੇ ਪ੍ਰੀਵਾਰਕ ਮੈਂਬਰ ਫੁੱਲ ਚੁਗਣ ਲਈ ਜਲਦੀ ਬੁਲਾਏ ਜਾ ਰਹੇ ਹਨ।
ਅੱਜ ਬਠਿੰਡਾ ਦੀ ਅਨਾਜ ਮੰਡੀ ਲਾਗੇ ਬਣੇ ਰਾਮ ਬਾਗ ’ਚ 26 ਲਾਸ਼ਾਂ ਦੇ ਅੰਤਮ ਸਸਕਾਰ ਕੀਤੇ ਗਏ ਹਨ ਜਦੋਂਕਿ ਇਸ ਕੰਮ ਲਈ ਬਣੇ ਥੜ੍ਹੇ 24 ਹਨ ਜਿਸ ਨੂੰ ਦੇਖਦਿਆਂ ਦੋ ਲਾਸ਼ਾਂ ਨੂੰ ਫਰਸ਼ ਤੇ ਹੀ ਅੰਤਮ ਵਿਦਾਇਗੀ ਦੇਣੀ ਪਈ ਹੈ। ਬਠਿੰਡਾ ’ਚ ਪਹਿਲੀ ਵਾਰ ਅਜਿਹੀ ਭਿਆਨਕ ਸਥਿਤੀ ਬਣੀ ਹੈ ਜਿਸ ਦੀ ਪੁਸ਼ਟੀ ਆਖਰੀ ਰਸਮਾਂ ਨਿਭਾਉਣ ’ਚ ਸਹਿਯੋਗ ਕਰਨ ਵਾਲਿਆਂ ਨੇ ਕੀਤੀ ਹੈ। ਪਿਛਲੇ ਦਸ ਦਿਨਾਂ ਦੌਰਾਨ ਕਰੀਬ ਪੰਜ ਦਰਜਨ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋਈ ਹੈ ਅਤੇ ਆਮ ਵਾਂਗ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ।
ਅਜਿਹੀ ਸਥਿਤੀ ਕਦੇ ਨਹੀਂ ਦੇਖੀ:ਗੋਇਲ
ਜਾਣਕਾਰੀ ਅਨੁਸਾਰ ਸਹਾਰਾ ਜਨ ਸੇਵਾ ਦੇ ਵਲੰਟੀਅਰਾਂ ਨੇ ਅੱਜ 14 ਕਰੋਨਾ ਪੀੜਤਾਂ ਦਾ ਅੰਤਮ ਸਸਕਾਰ ਕੀਤਾ ਹੈ। ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵਲੰਟੀਅਰ ਬਕਾਇਦਾ ਪੀ ਪੀ ਕਿੱਟਾਂ ਪਹਿਨ ਕੇ ਪੂਰੀ ਰਸਮਾਂ ਸਾਹਿਤ ਇੰਨ੍ਹਾਂ ਕਰੋਨਾ ਪੀੜਤਾਂ ਦਾ ਅੰਤਮ ਸਸਕਾਰ ਕਰਕੇ ਆਏ ਹਨ। ਸ੍ਰੀ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਜਿੰਦਗੀ ’ਚ ਅਜਿਹੀ ਭਿਆਨਕ ਸਥਿਤੀ ਨਹੀਂ ਦੇਖੀ ਹੈ ਕਿ ਰਾਮ ਬਾਗ ’ਚ ਅੰਤਮ ਵਿਦਾਇਗੀ ਦੇਣ ਵਕਤ ਥਾਂ ਹੀ ਘਟ ਜਾਏ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਸਬੰਧੀ ਬਣੇ ਨਿਯਮਾਂ ਦੀ ਪਾਲਣਾ ਕਰਨ ਖਾਸ ਤੌਰ ਤੇ ਮਾਸਕ ਪਹਿਨ ਕੇ ਰੱਖਣ ਤਾਂ ਜੋ ਅਜਿਹੇ ਮਾੜੇ ਵਕਤ ਤੋਂ ਬਚਿਆ ਜਾ ਸਕੇ।
ਹੁਣ ਤੱਕ ਦੀ ਵੱਡੀ ਤਰਾਸਦੀ: ਸੋਨੂੰ ਮਹੇਸ਼ਵਰੀ
ਇਸੇ ਤਰਾਂ ਹੀ ਅੱਜ ਨੌਜਵਾਨ ਵੈਲਫੇਅਰ ਸੁਸਾਇਟੀ ਨੇ ਚਾਰ ਕਰੋਨਾ ਪੀੜਤਾਂ ਨੂੰ ਅੰਤਮ ਯਾਤਰਾ ਤੇ ਰਵਾਨਾ ਕੀਤਾ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਲਾਸ਼ਾਂ ਦੇ ਅੰਤਮ ਸਸਕਾਰ ਫਰਸ਼ਾਂ ਤੇ ਕਰਨੇ ਪੈਣ ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਕਰੋਨਾ ਦੀ ਦੂਸਰੀ ਲਹਿਰ ਪਹਿਲੀ ਨਾਲੋਂ ਕਿੰਨੀ ਖਤਰਨਾਕ ਹੈ ਇਸ ਦਾ ਅੰਦਾਜਾ ਮੌਜੂਦਾ ਹਾਲਾਤਾਂ ਤੋਂ ਲਾਇਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਰਾਮਬਾਗ ’ਚ ਸਥਿਤੀ ਐਨੀ ਦਰਦਨਾਕ ਹੈ ਕਿ ਖੁਦ ਨੂੰ ਜਾਂਬਾਜ ਅਖਵਾਉਣ ਵਾਲੇ ਵਲੰਟੀਅਰਾਂ ਦੀਆਂ ਅੱਖਾਂ ਵੀ ਨਮ ਹੋਣ ਤੋਂ ਬਚ ਨਹੀਂ ਸਕੀਆਂ ਹਨ। ਉਨ੍ਹਾਂ ਵੀ ਲੋਕਾਂ ਨੂੰ ਬਚਾਅ ਵਿੱਚ ਹੀ ਬਚਾਅ ਹੈ ਦੇ ਸਿਧਾਂਤ ਤੇ ਪਹਿਰਾ ਦੇਣ ਦੀ ਅਪੀਲ ਕੀਤੀ ਹੈ।
ਬਠਿੰਡਾ ’ਚ 516 ਨਵੇਂ ਮਾਮਲੇ ਆਏ
ਡਿਪਟੀ ਕਮਿਸ਼ਨਰ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜਿਲ੍ਹੇ ’ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 13 ਮਰੀਜਾਂ ਦੀ ਮੌਤ ਹੋਈ ਹੈ ਜਦੋਂਕਿ 516 ਨਵੇਂ ਕੇਸ ਆਏ ਤੇ 255 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪਣੇ-ਘਰ ਵਾਪਸ ਪਰਤ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 4296 ਕੇਸ ਐਕਟਿਵ ਹਨ ਤੇ ਹੁਣ ਤੱਕ 346 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।