ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਸਵੇਰ ਤੋਂ ਸ਼ਾਮ ਤੱਕ ਖੁੱਲ੍ਹੀਆਂ ਜੇਲ੍ਹਾਂ ਵਿਚ ਕੀਤਾ ਜਾਵੇਗਾ ਬੰਦ
ਹਰੀਸ਼ ਕਾਲੜਾ
- ਜ਼ਿਲ੍ਹੇ ਵਿਚ ਬਣਾਈਆਂ 07 ਖੁੱਲ੍ਹੀਆਂ ਜੇਲ੍ਹਾਂ - ਸੀਨੀਅਰ ਕਪਤਾਨ ਪੁਲਿਸ, ਰੂਪਨਗਰ
ਰੂਪਨਗਰ,29 ਅਪ੍ਰੈਲ 2021 :ਜਿਲ੍ਹਾ ਰੂਪਨਗਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਦਿਨ ਪ੍ਰਤੀ ਦਿਨ ਹੋਏ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਇਸ ਫੈਲਾਅ ਤੇ ਰੋਕ ਲਗਾਉਣ ਲਈ ਕੋਵਿਡ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨਾ ਲਾਜ਼ਮੀ ਹੋ ਗਿਆ ਹੈ।ਇਹ ਪ੍ਰਗਟਾਵਾ ਕਰਦਿਆਂ ਡਾ. ਅਖਿਲ ਚੌਧਰੀ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਰੂਪਨਗਰ ਵਲੋ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਬਾਰੇ ਸਥਾਨਕ ਪੁਲਿਸ ਨੂੰ ਜਾਣਕਾਰੀ ਦੇਣ ਲਈ ਕੋਵਿਡ ਮਾਨੀਟਰਾਂ ਨੂੰ ਪਹਿਲਾਂ ਹੀ ਤਾਇਨਾਤ ਕਰ ਦਿੱਤਾ ਗਿਆ ਹੈ। ਹੁਣ ਕੋਵਿਡ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦਾ ਫੈਸਲਾ ਲਿਆ ਗਿਆ ਹੈ।
ਰੂਪਨਗਰ ਪੁਲਿਸ ਆਪਣੇ ਨਾਗਰਿਕਾਂ ਦੀ ਸਹਾਇਤਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪਰੰਤੂ ਨਾਲ ਹੀ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਜਿਵੇ ਕਿ ਮਾਸਕ ਨਾ ਪਹਿਨਣ ਵਾਲੇ ਅਤੇ ਹੋਰ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਉਦੇਸ਼ ਲਈ, ਉਹਨਾਂ ਨੂੰ ਨਿਰਧਾਰਤ ਖੁੱਲੀਆ ਜੇਲਾਂ ਵਿਚ ਬੰਦ ਕੀਤਾ ਜਾਵੇ ਅਤੇ ਸਵੇਰ ਤੋਂ ਸ਼ਾਮ ਤੱਕ ਉਹ ਉਥੇ ਰੱਖੇ ਜਾਣਗੇ ਅਤੇ ਜ਼ੁਰਮਾਨਾ ਵੀ ਲਗਾਇਆ ਜਾਵੇਗਾ।
ਇਸਨੂੰ ਲਾਗੂ ਕਰਨ ਲਈ ਜਿਲ੍ਹਾ ਰੂਪਨਗਰ ਵਿੱਚ ਹੇਠ ਲਿਖੀਆਂ 7 ਖੁੱਲੀਆਂ ਜੇਲ੍ਹਾਂ ਨੋਟੀਫਾਈ ਕੀਤੀਆਂ ਗਈਆਂ ਹਨ।ਇਨਾਂ ਖੁਲੀਆਂ ਜੇਲਾਂ ਬਾਰੇ ਵਿਸਥਾਰਿਤ ਜਾਣਕਾਰੀ ਦਿੰਦਿਆ ਉਨਾਂ ਦਸਿਆ ਕਿ ਨਹਿਰੂ ਸਟੇਡੀਅਮ ਰੂਪਨਗਰ, ਦਾਵਤ ਪੈਲੇਸ, ਸ੍ਰੀ ਅਨੰਦਪੁਰ ਸਾਹਿਬ, ਸਰਕਾਰੀ ਸੀ.ਸੈਕੰ. ਸਕੂਲ ਕੀਰਤਪੁਰ ਸਾਹਿਬ, ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਖਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ, ਸਰਕਾਰੀ ਸੀ.ਸੈਕੰ. ਸਕੂਲ (ਲੜਕੇ), ਨੰਗਲ ਟਾਓਨਸ਼ਿਪ , ਬੀ.ਬੀ.ਐਮ.ਬੀ. ਇੰਡੋਰ ਸਟੇਡੀਅਮ, ਨੰਗਲ ਟਾਓਨਸ਼ਿਪ ਅਤੇ ਸਰਕਾਰੀ ਸੀ.ਸੈਕੰ. ਸਕੂਲ, ਸੁਖੋਮਾਜਰਾ ਬਣਾਈਆਂ ਗਈਆਂ ਹਨ। ਉਨਾਂ ਜਿਲ੍ਹਾ ਰੂਪਨਗਰ ਦੇ ਵਸਨੀਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਆਪ ਨੂੰ ਅਤੇ ਸਮਾਜ ਕੋਵੀਡ -19 ਮਹਾਂਮਾਰੀ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਆਪਣੇ ਘਰਾਂ ਵਿੱਚ ਰਹਿਕੇ ਅਤੇ ਕੋਵਿਡ ਨਿਯਮਾਂ ਦੀ ਪੂਰੀ ਪਾਲਣਾ ਕਰਕੇ ਜਿਲਾ ਪੁਲਿਸ ਨੂੰ ਆਪਣਾ ਸਹਿਯੋਗ ਦੇਣ।