ਮੋਹਾਲੀ: ਆਕਸੀਜਨ ਬਣਾਉਣ ਵਾਲੇ ਪਲਾਟਾਂ ਨੂੰ 24*7 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੇ ਜਾਣ ਦੇ ਕੀਤੇ ਹੁਕਮ ਜਾਰੀ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ ਨਗਰ, 29 ਅਪ੍ਰੈਲ 2021 - ਕੋਵਿਡ-19 ਦੀ ਬੀਮਾਰੀ ਦੇ ਕੇਸਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਬਿਮਾਰੀ ਤੋਂ ਪ੍ਰਭਾਵਿਤ ਮਰੀਜ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਹਨ ਅਤੇ ਬੀਮਾਰੀ ਦੇ ਇਲਾਜ ਦੌਰਾਨ ਮੈਡੀਕਲ ਆਕਸੀਜਨ ਦੀ ਬਹੁਤ ਜਿਆਦਾ ਲੋੜ ਹੁੰਦੀ ਹੈ ।ਇਸ ਆਕਸੀਜਨ ਦੇ ਉਤਪਾਦਨ ਲਈ ਬਿਜਲੀ ਦੀ ਨਿਰਵਿਘਨ ਸਪਲਾਈ ਦੀ ਜਰੂਰਤ ਹੈ।
ਇਸ ਲਈ ਨਿਗਰਾਨ ਇੰਜੀਨੀਅਰ, ਪੀ.ਐਸ.ਪੀ.ਸੀ.ਐਲ., ਐਸ.ਏ.ਐਸ.ਨਗਰ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਲ੍ਹੇ ਵਿੱਚ ਸਥਿਤ ਆਕਸੀਜਨ ਬਣਾਉਣ ਵਾਲੇ ਪਲਾਟਾਂ ਨੂੰ 24*7 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ ਤਾਂ ਜ਼ੋ ਆਕਸੀਜਨ ਦਾ ਉਤਪਾਦਨ ਕੀਤਾ ਜਾ ਸਕੇ। ਇਹ ਹੁਕਮ ਜ਼ਿਲਾ ਮੈਜਿਸਟ੍ਰੇਟ ਗਿਰੀਸ਼ ਦਯਾਲਨ ਨੇ ਅੱਜ ਇਥੇ ਜਾਰੀ ਕੀਤੇ। ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ।