ਮੋਹਾਲੀ: ਕੋਵਿਡ-19 ਦੇ ਪ੍ਰਬੰਧਨ ਲਈ ਆਕਸੀਜਨ ਦੀ ਸੁਚੱਜੀ ਵਰਤੋਂ ਸਬੰਧੀ ਐਡਵਾਈਜ਼ਰੀ ਜਾਰੀ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 29 ਅਪ੍ਰੈਲ 2021 - 'ਦਰਮਿਆਨੇ' ਅਤੇ 'ਗੰਭੀਰ' ਕੋਵਿਡ ਮਾਮਲਿਆਂ ਦੇ ਪ੍ਰਬੰਧਨ ਲਈ ਮੈਡੀਕਲ ਆਕਸੀਜਨ ਇਕ ਮਹੱਤਵਪੂਰਣ ਜ਼ਰੂਰਤ ਬਣ ਗਈ ਹੈ, ਇਸ ਲਈ ਕੋਵਿਡ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਲਈ ਆਕਸੀਜਨ ਦੀ ਸਰਬੋਤਮ ਵਰਤੋਂ ਲਈ ਸੂਬਾ ਸਰਕਾਰ ਵੱਲੋਂ ਸਾਰੇ ਹਸਪਤਾਲਾਂ ਵਾਸਤੇ ‘ਆਈਸੀਯੂ / ਵਾਰਡਾਂ ਵਿਚ ਆਕਸੀਜਨ ਦੀ ਸਰਬੋਤਮ ਵਰਤੋਂ ਲਈ ਰਣਨੀਤੀ ਸਬੰਧੀ ਇਕ ਐਡਵਾਇਜ਼ਰੀ’ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਇਹ ਐਡਵਾਇਜ਼ਰੀ ਜ਼ਿਲ੍ਹੇ ਦੇ ਸਾਰੇ ਸਬੰਧਤ ਨਿੱਜੀ ਅਤੇ ਸਰਕਾਰੀ ਕੋਵਿਡ ਹਸਪਤਾਲਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਜੋ ਇਸ ਦੀ ਤੁਰੰਤ ਪਾਲਣਾ ਕੀਤੀ ਜਾ ਸਕੇ। ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਮਰੀਜ਼ ਜੇਕਰ ਆਰਾਮ ਮਹਿਸੂਸ ਕਰ ਰਿਹਾ ਹੋਵੇ ਤਾਂ 90-92 ਫ਼ੀਸਦ ਐਸਪੀਓ2 ਨੂੰ ਟਾਰਗੇਟ ਕੀਤਾ ਜਾਵੇ। ਫਲੋ ਮੀਟਰ / ਸਿਲੰਡਰ / ਪਾਈਪ ਲਾਈਨਾਂ ਤੋਂ ਆਕਸੀਜਨ ਦੇ ਲੀਕ ਹੋਣ ਦੇ ਸੰਭਾਵਿਤ ਸਰੋਤਾਂ ਦੀ ਸਮੇਂ ਸਿਰ ਜਾਣਕਾਰੀ ਅਤੇ ਮੁਰੰਮਤ, "ਆਕਸੀਜਨ ਕਿਵੇਂ ਬਚਾਈਏ" ਬਾਰੇ ਸਟਾਫ ਲਈ ਢੁਕਵੇਂ ਸਿਖਲਾਈ ਸੈਸ਼ਨ, ਹਲਕੇ ਲੱਛਣਾਂ ਵਾਲੇ ਮਾਮਲਿਆਂ ਵਿਚ ਆਕਸੀਜਨ ਕੰਨਸਨਟ੍ਰੇਟਰਾਂ ਦੀ ਵਰਤੋਂ ਅਤੇ ਆਕਸੀਜਨ ਦੇ ਘੱਟ ਪੱਧਰ ਵਾਲੇ ਮਰੀਜ਼ਾਂ ਲਈ ਅਵੇਕ ਪਰੋਨਿੰਗ ਵਰਗੇ ਸਹਾਇਕ ਤਕਨੀਕ ਵਰਤਣੀ ਸ਼ਾਮਲ ਹੈ।
ਸਾਹ ਦੀ ਬਿਮਾਰੀ ਦੀ ਗੰਭੀਰਤਾ 'ਤੇ ਨਿਰਭਰ ਕਰਦਿਆਂ ਆਕਸੀਜਨ ਥੈਰੇਪੀ ਦੀ ਸ਼ੁਰੂਆਤ ਕਰਨ, ਮਰੀਜ਼ਾਂ ਦੇ ਨੀਬੀਲਾਈਜ਼ੇਸ਼ਨ ਲਈ ਆਕਸੀਜਨ ਫਲੋ ਦੀ ਬਜਾਏ ਨੇਬੂਲਾਈਜ਼ਰ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਨੇਜ਼ਲ ਪ੍ਰੋਂਗਜ਼ 'ਤੇ ਮਰੀਜ਼ਾਂ ਲਈ ਆਕਸੀਜਨ ਦੇ ਫਲੋ ਦੀਆਂ ਦਰਾਂ, ਹਾਈ ਫਲੋ ਨਜ਼ਲ ਕੈਨੂਲਾ 'ਤੇ ਮਰੀਜ਼ਾਂ ਦੇ ਇਲਾਜ ਵਿਚ ਵਿਚਾਰੇ ਜਾਣ ਵਾਲੇ ਨੁਕਤੇ ਅਤੇ ਇਨਵੇਸਿਵ/ਨਾਨ-ਇਨਵੇਸਿਵ ਵੈਂਟੀਲੇਸ਼ਨ ਦੇ ਮਰੀਜ਼ਾਂ ਸਬੰਧੀ ਵਿਚਾਰੇ ਜਾਣ ਵਾਲੇ ਨੁਕਤੇ ਵਿਸਥਾਰ ਵਿਚ ਦਿੱਤੇ ਗਏ ਹਨ।