ਬਰਨਾਲਾ: ਪਿੰਡਾਂ ਵਿੱਚ ਨੁੱਕੜ ਨਾਟਕਾਂ ਰਾਹੀਂ ਪਾਈ ਟੀਕਾਕਰਨ ਦੀ ਬਾਤ
- ਐਲਬੀਐਸ ਕਾਲਜ ਦੀ ਟੀਮ ਨੇ ਚੰਨਣਵਾਲ, ਕਲਾਲਾਂ ਤੇ ਚੁਹਾਨਕੇ ਵਿਖੇ ਖੇਡੇ ਨੁੱਕੜ ਨਾਟਕ
ਮਹਿਲ ਕਲਾਂ/ਬਰਨਾਲਾ, 29 ਅਪਰੈਲ 2021 - ਜ਼ਿਲਾ ਬਰਨਾਲਾ ਵਿੱਚ ਕਰੋਨਾ ਵਾਇਰਸ ਵਿਰੁੱੱਧ ਜਾਗਰੂਕਤਾ ਮੁਹਿੰਮ ਤਹਿਤ ਐਲਬੀਐਸ ਕਾਲਜ ਬਰਨਾਲਾ ਦੀਆਂ ਵਿਦਿਆਰਥਣਾਂ ਨੇ ਵਲੰਟੀਅਰ ਤੌਰ ’ਤੇ ਅੱਗੇ ਆਉਦੇ ਹੋਏ ਪਿੰਡਾਂ ਵਿਚ ਸੰਕੇਤਕ ਤੌਰ ’ਤੇ ਖੇੇਡੇ ਨੁੱਕੜ ਨਾਟਕਾਂ ਰਾਹੀਂ ਟੀਕਾਕਰਨ ਕਰਵਾਉਣ ਦਾ ਸੁਨੇਹਾ ਦਿੱਤਾ।
ਆਗਾਮੀ ਮਈ ਮਹੀਨੇ ਵਿਚ ਸਰਕਾਰ ਵੱਲੋਂ 18 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਨੂੰ ਟੀਕਾਕਰਨ ਲਾਏ ਜਾਣ ਦੀ ਸਹੂਲਤ ਦੇ ਮੱਦੇਨਜ਼ਰ ਕਾਲਜ ਵਿਦਿਆਰਥਣਾਂ ਵੱਲੋਂ ਨੌਜਵਾਨਾਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਟੀਕਾਕਰਨ ਕਰਵਾਉਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਇਹ ਨਾਟਕ ਅੱਜ ਪਿੰਡ ਚੰਨਣਵਾਲ, ਕਲਾਲਾਂ ਤੇ ਚੁਹਾਨਕੇ ਕਲਾਂ ਵਿਖੇ ਕਰੋਨਾ ਸਬੰਧੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਖੇਡੇ ਗਏ। ਇਸ ਮੌਕੇ ਐਸਡੀਐਮ ਬਰਨਾਲਾ ਵਰਜੀਤ ਵਾਲੀਆ, ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਚੀਮਾ, ਪੰਚਾਇਤ ਮੈਂਬਰ ਤੇ ਐਲਬੀਐਸ ਕਾਲਜ ਦੇ ਪਿ੍ਰੰਸੀਪਲ ਮੈਡਮ ਨੀਲਮ ਸ਼ਰਮਾ ਹਾਜ਼ਰ ਰਹੇ।
ਇਸ ਮੌਕੇ ਐਸਡੀਐਮ ਸ੍ਰੀ ਵਰਜੀਤ ਵਾਲੀਆ ਨੇ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਟਕ ਰਾਹੀਂ ਟੀਕਾਕਰਨ ਕਰਵਾਉਣ ਅਤੇ ਅਫਵਾਹਾਂ ਤੋਂ ਬਚਣ ਦਾ ਬਾਖੂਬੀ ਸੱਦਾ ਦਿੱਤਾ ਗਿਆ ਹੈ, ਜੋ ਕਿ ਬਹੁਤ ਸਾਰਥਕ ਸਿੱਧ ਹੋਵੇਗਾ। ਉਨਾਂ ਕਿਹਾ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿ ਕਰੋਨਾ ਵਾਇਰਸ ਨੂੰ ਜੜੋਂ ਖਤਮ ਕਰਨ ਲਈ ਜ਼ਿਲਾ ਵਾਸੀ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੀ ਟੀਕਾਕਰਨ ਮੁਹਿੰਮ ਵਿੱਚ ਸਾਂਝ ਪਾਉਦੇ ਹੋਏ ਸਾਰੇ ਯੋਗ ਵਿਅਕਤੀ ਆਪਣਾ ਟੀਕਾਕਰਨ ਕਰਵਾਉਣ, ਜੋ ਕਿ ਬਿਲਕੁਲ ਸੁਰੱਖਿਅਤ ਹੈ। ਉਨਾਂ ਕਿਹਾ ਕਿ ਇਸ ਮਹਾਮਾਰੀ ਦੇ ਨਾਜ਼ੁਕ ਸਮੇਂ ਦੌਰਾਨ ਆਕਸੀਜਨ, ਜ਼ਰੂਰੀ ਦਵਾਈਆਂ ਆਦਿ ਦੀ ਕਾਲਾਬਾਜ਼ਾਰੀ ਦੀ ਬਜਾਏ ਸਭ ਨੂੰ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਕਰੋਨਾ ਵਿਰੁੱਧ ਮੁਹਿੰਮ ਵਿਚ ਸਹਿਯੋਗ ਦੇਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਅੱਜ ਐਲਬੀਐਸ ਕਾਲਜ ਦੀ ਟੀਮ ਵੱਲੋਂ ਸੰਕੇਤਕ ਤੌਰ ’ਤੇ ਨਾਟਕ ਖੇਡੇ ਗਏ ਹਨ ਤੇ ਇਨਾਂ ਨਾਟਕਾਂ ਦਾ ਸੁਨੇਹਾ ਵੱਖ ਵੱਖ ਮਾਧਿਅਮਾਂ ਰਾਹੀਂ ਆਮ ਜਨਤਾ ਤੱਕ ਪਹੁੰਚਾਇਆ ਜਾਵੇਗਾ।