ਡੇਰਾ ਸਿਰਸਾ ਮੁਖੀ ਵੱਲੋਂ ਕਰੋਨਾ ਵਾਰੀਅਰਜ਼ ਨੂੰ ਸੈਲੂਟ ਮਾਰਨ ਦੇ ਨਿਰਦੇਸ਼
ਅਸ਼ੋਕ ਵਰਮਾ
ਬਠਿੰਡਾ,29ਅਪਰੈਲ2021:ਹਰਿਆਣਾ ਦੀ ਸੁਨਾਰੀਆ ਜੇਲ੍ਹ ’ਚ ਬੰਦ ਡੇਰਾ ਸੱਚਾ ਸੌਦਾ ਸਰਸਾ ਦੇ ਗੱਦੀਨਸ਼ੀਨ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੇ ਪੈਰੋਕਾਰਾਂ ਨੂੰ ਕਰੋਨਾ ਵਾਇਰਸ ਦੇ ਮਾਮਲੇ ’ਚ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਡੇਰਾ ਸ਼ਰਧਾਲੂਆਂ ਨੂੰ ਲਿਖੇ ਤਾਜਾ ਪੱਤਰ ’ਚ ਕਿਹਾ ਹੈ ਕਿ ਸਾਰਿਆਂ ਨੂੰ ਪਤਾ ਹੈ ਕਿ ਕਰੋਨਾ ਮਹਾਂਮਾਰੀ ਭਿਆਨਕ ਰੂਪ ’ਚ ਫੈਲ ਰਹੀ ਹੈ ਪਰ ਘਬਰਾਉਣ ਦੀ ਥਾਂ ਜੋ ਸਰਕਾਰ ਕਹਿ ਰਹੀ ਹੈ ਉਸ ਤੇ ਅਮਲ ਕਰੋ। ਡੇਰਾ ਮੁਖੀ ਨੇ ਡੇਰਾ ਪ੍ਰੇਮੀਆਂ ਨੂੰ ਕਰੋਨਾ ਮਰੀਜਾਂ ਲਈ ਐਂਬੂਲੈਂਸ ਮੁਹੱਈਆ ਕਰਵਾਉਣ ਲਈ ਵੀ ਕਿਹਾ ਹੈ। ਇਸ ਦੇ ਨਾਲ ਹੀ ਅੱਜ 29 ਅਪਰੈਲ ਵਾਲੇ ਦਿਨ ਕਰੋਨਾ ਵਾਰੀਅਰਜ਼,ਡਾਕਟਰਾਂ ,ਨਰਸਾਂ,ਪੁਲਿਸ ਅਤੇ ਐਂਬੂਲੈਂਸ ਦੇ ਡਰਾਈਵਰਾਂ ਨੂੰ ਕਿੰਨੂ,ਸੰਤਰਾ ,ਨਿੰਬੂ ਪਾਣੀ ਅਤੇ ਫਰੂਟ ਵੰਡਣ ਦੀ ਹਦਾਇਤ ਕੀਤੀ ਹੈ।
ਡੇਰਾ ਮੁਖੀ ਨੇ ਡੇਰਾ ਪ੍ਰੇਮੀਆਂ ਨੂੰ ਕਰੋਨਾ ਵਾਰੀਅਰਜ਼ ਜਿੱਥੇ ਵੀ ਦਿਖਾਈ ਦੇਣ ਉਨ੍ਹਾਂ ਨੂੰ ‘ਸੈਲੂਟ’ ਮਾਰਨ ਅਤੇ ਸਹਿਯੋਗ ਕਰਨ ਲਈ ਵੀ ਆਖਿਆ ਹੈ। ਉਨ੍ਹਾਂ ਡੇਰੇ ਦੀ ਇੱਕ ਸਾਈਟ ਬਨਾਉਣ ਲਈ ਕਿਹਾ ਹੈ ਜਿੱਥੇ ਇੱਕ ਡਾਕਟਰ ਬੈਠੇ ਤਾਂ ਜੋ ਕਰੋਨਾ ਸਬੰਧੀ ਆਨਲਾਈਨ ਜਾਣਕਾਰੀ ਹਾਸਲ ਕੀਤੀ ਜਾ ਸਕੇ। ਡੇਰਾ ਮੁਖੀ ਨੇ ਆਪਣੇ ਸ਼ਰਧਾਲੂਆਂ ਨੂੰ ਪੂਰੀ ਦੁਨੀਆਂ ਕਰੋਨਾ ਤੋਂ ਬਚਾਉਣ ਦੇ ਮੰਤਵ ਨਾਲ ਵਿਗਿਆਨਕਾਂ ਨੂੰ ਕੋਈ ਰਸਤਾ ਸੁਝਾਉਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਨ ਵਾਸਤੇ ਵੀ ਅਖਿਆ ਹੈ। ਡੇਰਾ ਮੁਖੀ ਨੇ ਆਪਣੇ ਪੱਤਰ ’ਚ ਕੁੱਝ ਦੇਸੀ ਵਸਤਾਂ ਤੋਂ ਬਣਿਆ ਫਾਰਮੂਲਾ ਵਰਤਣ ਦਾ ਸੁਝਾਅ ਵੀ ਦਿੱਤਾ ਹੈ। ਸੁਨਾਰੀਆ ਜੇਲ੍ਹ ਦੇ ਪ੍ਰਸ਼ਾਸ਼ਨ ਵੱਲੋਂ ਸੈਂਸਰ ਕੀਤੀ 26 ਅਪਰੈਲ ਨੂੰ ਲਿਖੀ ਚਿੱਠੀ ਹਾਲ ਹੀ ਵਿੱਚ ਡੇਰੇ ਦੇ ਪ੍ਰਬੰਧਕਾਂ ਕੋਲ ਪੁੱਜੀ ਹੈ ਜਿਸ ’ਚ ਆਪਣੇ ਪੈਰੋਕਾਰਾਂ ਲਈ ਹੋਰ ਵੀ ਕਈ ਤਰਾਂ ਦੇ ਸੰਦੇਸ਼ ਦਿੱਤੇ ਹਨ।