ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਵਿਖੇ ਸਥਿਤ ਕੰਟੀਨ ਨੂੰ 24 ਘੰਟੇ ਸ਼ਰਤਾਂ ਸਹਿਤ ਖੋਲ੍ਹਣ ਦੇ ਹੁਕਮ
ਪਰਵਿੰਦਰ ਸਿੰਘ ਕੰਧਾਰੀ
- ਸਟਾਫ, ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਦੀ ਸਹੂਲਤ ਲਈ ਲਿਆ ਫੈਸਲਾ
ਫਰੀਦਕੋਟ 29 ਅਪ੍ਰੈਲ 2021 - ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਗ੍ਰਹਿ ਵਿਭਾਗ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਹੁਕਮਾਂ ਦੇ ਸਨਮੁੱਖ ਜਿਲ੍ਹਾ ਫਰੀਦਕੋਟ ਅੰਦਰ ਦਫਤਰ ਡਿਪਟੀ ਕਮਿਸ਼ਨਰ ਵੱਲੋਂ ਹੁਕਮ ਰਾਹੀਂ ਸਨਿਚਰਵਾਰ ਅਤੇ ਐਤਵਾਰ ਨੂੰ ਲਾਕ ਡਾਊਨ ਦੇ ਹੁਕਮ ਜਾਰੀ ਕੀਤੇ ਗਏ ਸਨ।
ਜਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਵਿਖੇ ਸਥਿਤ ਕੰਟੀਨ ਨੂੰ 24 ਘੰਟੇ ਖੋਲ੍ਹਣ ਤੇ ਸ਼ਰਤਾਂ ਦੇ ਅਧਾਰ ਤੇ ਛੋਟ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਮੈਡੀਕਲ ਸੁਪਰਡੈਂਟ, ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਵੱਲੋਂ ਆਪਣੇ ਦਫ਼ਤਰੀ ਪੱਤਰ ਰਾਹੀਂ ਬੇਨਤੀ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਵਿਖੇ 24 ਘੰਟੇ ਐਮਰਜੈਂਸੀ ਸੇਵਾਵਾਂ ਚੱਲਦੀਆਂ ਹਨ ਅਤੇ ਡਾਕਟਰ, ਸਟਾਫ ਨਰਸ ਅਤੇ ਦਰਜਾ-4 ਕਰਮਚਾਰੀਆਂ ਨੂੰ 24 ਘੰਟੇ ਡਿਊਟੀ ਤੇ ਹਾਜਰ ਰਹਿਣਾ ਪੈਂਦਾ ਹੈ ਇਸ ਕਰਕੇ ਕਈ ਵਾਰ ਸਟਾਫ/ਮਰੀਜਾਂ ਅਤੇ ਮਰੀਜਾਂ ਦੀ ਦੇਖਭਾਲ ਕਰਨ ਵਾਲੇ ਵਿਅਕਤੀਆਂ ਨੂੰ ਖਾਣਾ ਆਦਿ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਵਿਖੇ ਸਥਿਤ ਰੈੱਡ ਕਰਾਸ ਦੀ ਕੰਟੀਨ ਤੋਂ ਮੰਗਵਾਉਣਾ ਪੈਂਦਾ ਹੈ।
ਇਸ ਲਈ ਇਸ ਕੰਟੀਨ ਨੂੰ 24 ਘੰਟੋ ਖੋਲ੍ਹਣ ਦੀ ਪ੍ਰਵਾਨਗੀ ਦੀ ਮੰਗ ਕੀਤੀ ਗਈ ਹੈ। ਮੈਡੀਕਲ ਸੁਪਰਡੈਂਟ, ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਵੱਲੋਂ ਕੀਤੀ ਬੇਨਤੀ ਅਤੇ ਸਟਾਫ/ਮਰੀਜ਼ਾਂ ਨੂੰ ਆ ਰਹੀ ਮੁਸ਼ਕਿਲ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਵਿਖੇ ਸਥਿਤ ਕੰਟੀਨ ਮਾਲਕਾਂ ਨੂੰ ਹੇਠ ਲਿਖੀਆਂ ਸ਼ਰਤਾਂ ਦੇ ਅਧਾਰ ਤੇ ਛੋਟ ਦਿੱਤੀ ਜਾਂਦੀ ਹੈ : ਕੰਟੀਨ ਮਾਲਕ ਕਰਫਿਊ/ਲੋਕ ਡਾਊਨ ਸਬੰਧੀ ਜਾਰੀ ਹੁਕਮਾਂ ਦੀ ਉਲੰਘਣਾ ਨਹੀਂ ਕਰੇਗਾ ਅਤੇ ਕੰਮ ਕਰਨ ਸਮੇਂ ਇੱਕ ਦੂਸਰੇ ਤੋਂ ਘੱਟ ਤੋਂ ਘੱਟ 2 ਮੀਟਰ ਦੀ ਸਮਾਜਿਕ ਦੂਰੀ ਬਣਾਕੇ ਰੱਖਣਗੇ।
ਕੰਟੀਨ ਮਾਲਕ ਸਰਕਾਰ/ਪੰਜਾਬ ਸਰਕਾਰ ਅਤੇ ਇਸ ਦਫ਼ਤਰ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਏ। ਕੰਟੀਨ ਮਾਲਕਾਂ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੰਟੀਨ ਤੇ ਕੰਮ ਕਰਨ ਵਾਲੇ ਹਰ ਇੱਕ ਵਿਆਕਤੀ ਵੱਲੋਂ ਮਾਸਕ ਪਾਇਆ ਹੋਵੇਗਾ। ਅਗਰ ਇਹਨਾਂ ਹਦਾਇਤਾਂ ਦੀ ਉਲੰਘਣਾ ਸਬੰਧੀ ਇਸ ਦਫ਼ਤਰ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਬਿਨ੍ਹਾਂ ਕਿਸੇ ਅਗਾਊਂ ਨੋਟਿਸ ਦੇ ਦਿੱਤੀ ਗਈ ਪ੍ਰਵਾਨਗੀ ਰੱਦ ਕਰ ਦਿੱਤੀ ਜਾਵੇਗੀ।