ਲੁਧਿਆਣਾ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ-19 ਮ੍ਰਿਤਕ ਦੇਹਾਂ ਦੇ ਸਸਕਾਰ ਲਈ ਐਸ.ਓ.ਪੀ. ਕੀਤੇ ਜਾਰੀ
- ਕੋਵਿਡ ਸਸਕਾਰ ਪ੍ਰਬੰਧਨ ਸੈੱਲ ਪੂਰੀ ਤਰ੍ਹਾਂ ਕਾਰਜ਼ਸੀਲ ਹੈ - ਸਵਾਤੀ ਟਿਵਾਣਾ
- ਕਿਸੇ ਵੀ ਤਰ੍ਹਾਂ ਦੀ ਔਕੜ ਆਉਣ 'ਤੇ ਸਸਕਾਰ ਸੈਲ ਦੇ ਨੰਬਰਾਂ 95015-00101, 77197-12797 ਤੇ 95015-00102 'ਤੇ ਕੀਤਾ ਜਾ ਸਕਦਾ ਹੈ ਸੰਪਰਕ
ਲੁਧਿਆਣਾ, 29 ਅਪ੍ਰੈਲ 2021 - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਲੁਧਿਆਣਾ ਵਿੱਚ ਕੋਵਿਡ-19 ਪੀੜਤਾਂ ਦੀਆਂ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਇੱਕ ਮਿਆਰੀ ਕਾਰਜਸ਼ੀਲ ਪ੍ਰਕਿਰਿਆ (ਐਸ.ਓ.ਪੀ) ਦਸਤਾਵੇਜ਼ ਜਾਰੀ ਕੀਤੇ.
ਐਸ.ਓ.ਪੀ. ਦੇ ਅਨੁਸਾਰ, ਭਗਵਾਨ ਮਹਾਵੀਰ ਸਿਵਲ ਹਸਪਤਾਲ ਲੁਧਿਆਣਾ ਵਿਖੇ ਇਕ ਕੋਵਿਡ ਸਸਕਾਰ ਪ੍ਰਬੰਧਨ ਸੈੱਲ ਬਣਾਇਆ ਗਿਆ ਹੈ ਜੋ ਕਿ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ ਦੀ ਨਿਗਰਾਨੀ ਹੇਠ ਕੰਮ ਕਰ ਰਿਹਾ ਹੈ। ਮ੍ਰਿਤਕ ਦੇ ਪਰਿਵਾਰ ਨੂੰ ਅੰਤਿਮ ਸਸਕਾਰ ਕਰਨ ਵਿਚ ਕੋਈ ਮੁਸ਼ਕਲ ਪੇਸ਼ ਆਉਣ 'ਤੇ ਕੋਈ ਵੀ ਸ਼ਮਸ਼ਾਨਘਾਟ ਦੇ ਹੈਲਪਲਾਈਨ ਨੰਬਰ 95015-00101, 77197-12797 ਅਤੇ 95015-00102 'ਤੇ ਸੰਪਰਕ ਕਰ ਸਕਦਾ ਹੈ।
ਲੈਵਲ-2 ਅਤੇ ਲੈਵਲ-3 ਸਹੂਲਤਾਂ ਵਾਲੇ ਸਾਰੇ ਹਸਪਤਾਲਾਂ ਨੂੰ ਸਖਤ ਆਦੇਸ਼ ਦਿੱਤੇ ਗਏ ਹਨ ਕਿ ਬਦਕਿਸਮਤੀ ਨਾਲ ਜਦੋਂ ਵੀ ਕਿਸੇ ਕੋਵਿਡ-19 ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਲਾਸ਼ ਨੂੰ ਮੌਰਚਰੀ ਵਿਚ ਰੱਖਿਆ ਜਾਵੇਗਾ ਅਤੇ ਹਸਪਤਾਲ ਤੁਰੰਤ ਡਾਕਟਰ ਹਰਵੀਰ (98154-77868) ਨੂੰ ਫੋਨ ਕਾਲ ਕਰੇਗਾ। ਲਾਸ਼ ਨੂੰ ਸ਼ਮਸ਼ਾਨਘਾਟ/ਕਬਰਿਸਤਾਨ ਤੱਕ ਪਹੁੰਚਾਉਣ ਦੇ ਢੁੱਕਵੇਂ ਪ੍ਰਬੰਧਾਂ ਨਾ ਹੋਣ ਦੀ ਸੂਰਤ ਵਿੱਚ ਕੋਈ ਵੀ ਹਸਪਤਾਲ ਮ੍ਰਿਤਕ ਦੇਹ ਨੂੰ ਹਸਪਤਾਲ ਵਿੱਚੋਂ ਬਾਹਰ ਨਹੀਂ ਕੱਢੇਗਾ। ਮੌਰਚੂਰੀ ਵੈਨ ਲਈ ਹੈਲਪਲਾਈਨ ਨੰਬਰਾਂ 'ਤੇ ਵੀ ਸੰਪਰਕ ਕਰ ਸਕਦੇ ਹਨ। ਡਾ. ਹਰਵੀਰ ਇੱਕ ਘੰਟੇ ਦੇ ਅੰਦਰ-ਅੰਦਰ ਹਸਪਤਾਲ ਨੂੰ ਅਲਾਟ ਕੀਤਾ ਵਾਹਨ, ਸ਼ਮਸ਼ਾਨਘਾਟ/ਕਬਰਿਸਤਾਨ ਦੇ ਵੇਰਵੇ ਦੇ ਨਾਲ-ਨਾਲ ਵੈਨ ਦੇ ਪਹੁੰਚ ਸਮੇਂ ਬਾਰੇ ਵੀ ਸੂਚਿਤ ਕਰਨਗੇ।
ਸ਼ਮਸ਼ਾਨਘਾਟ/ਕਬਰਿਸਤਾਨ ਵਿੱਚ ਅੱਗੇ, ਸ੍ਰੀ ਜਸਦੇਵ ਸੇਖੋਂ (80542-00092) ਇਹ ਸੁਨਿਸ਼ਚਿਤ ਕਰਨਗੇ ਕਿ ਸਸਕਾਰ ਕਰਨ ਲਈ ਜਾਣ ਵਾਲੀਆਂ ਟੀਮਾਂ ਪੀ.ਪੀ.ਈ. ਕਿੱਟਾਂ ਸਮੇਤ ਸਾਰੇ ਸੁਰੱਖਿਆ ਪਰੋਟੋਕਾਲ ਦਾ ਪਾਲਣ ਕਰ ਰਹੀਆਂ ਹਨ ਅਤੇ ਪੁਲਿਸ ਇਨ੍ਹਾਂ ਸਥਾਨਾਂ 'ਤੇ ਸਮਾਜਕ ਦੂਰੀ ਅਤੇ ਮਾਸਕ ਪਾਉਣ ਸਬੰਧੀ ਚੌਕਸੀ ਰੱਖੇਗੀ।
ਸ੍ਰੀਮਤੀ ਸਵਾਤੀ ਟਿਵਾਣਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 10 ਮੌਰਚਰੀ ਵੈਨਾਂ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚੋਂ 5 ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੁਆਰਾ ਅਤੇ 5 ਵੈਨਾਂ ਦਾ ਪ੍ਰਬੰਧ ਐਨ.ਜੀ.ਓ ਸੰਵੇਦਨਾ ਵੱਲੋਂ ਕੀਤਾ ਗਿਆ ਹੈ। ਆਉਣ ਵਾਲੇ ਹਫ਼ਤੇ ਵਿੱਚ ਸਕੱਤਰ ਆਰ.ਟੀ.ਏ. ਸ੍ਰੀ ਸੁੰਦੀਪ ਸਿੰਘ ਗੜ੍ਹਾ ਦੇ ਸਹਿਯੋਗ ਨਾਲ ਹੋਰ ਮੌਰਚਰੀ ਵੈਨਾਂ ਅਤੇ ਐਂਬੂਲੈਂਸਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸ੍ਰੀਮਤੀ ਟਿਵਾਣਾ ਨੇ ਕਿਹਾ ਕਿ ਹੋਰ ਐਨ.ਜੀ.ਓ ਨੂੰ ਵੀ ਇਸ ਔਖੀ ਘੜੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਹੈ।
ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰੀ ਪ੍ਰਦੀਪ ਸੱਭਰਵਾਲ ਦੀ ਪ੍ਰਧਾਨਗੀ ਹੇਠ ਲੈਵਲ-2 ਅਤੇ ਲੈਵਲ-3 ਸਹੂਲਤਾਂ ਵਾਲੇ ਸਾਰੇ ਨਿੱਜੀ ਹਸਪਤਾਲਾਂ ਨਾਲ ਮੀਟਿੰਗ ਕੀਤੀ ਗਈ। ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਵਿਭਾਗਾਂ ਦੇ ਹੋਰ ਨੋਡਲ ਅਧਿਕਾਰੀ ਵੀ ਮੀਟਿੰਗ ਵਿੱਚ ਮੌਜੂਦ ਸਨ ਤਾਂ ਜੋ ਇਹ ਸੁਨਿਸਚਿਤ ਕੀਤਾ ਜਾ ਸਕੇ ਕਿ ਪ੍ਰੋਟੋਕਾਲ ਅਤੇ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ।