ਹੁਸ਼ਿਆਰਪੁਰ: ਪੁਲਿਸ ਹਸਪਤਾਲ ਦੀ ਟੀਮ ਵਲੋਂ ਦਾਣਾ ਮੰਡੀ ‘ਚ 45 ਵਿਅਕਤੀਆਂ ਦਾ ਰੈਪਿਡ ਕੋਰੋਨਾ ਟੈਸਟ
- ਸਾਰਿਆਂ ਦੀ ਰਿਪੋਰਟ ਆਈ ਨੈਗੇਟਿਵ
- ਪੰਜਾਬ ਪੁਲਿਸ ਦੀ ਅਗਵਾਈ ’ਚ ਹੋਰਨਾਂ ਥਾਵਾਂ ’ਤੇ ਵੀ ਹੋਵੇਗੀ ਟੈਸਟਿੰਗ: ਡਾ. ਲਖਵੀਰ ਸਿੰਘ
ਹੁਸ਼ਿਆਰਪੁਰ 28 ਅਪ੍ਰੈਲ 2021 - ਸਥਾਨਕ ਪੁਲਿਸ ਹਸਪਤਾਲ ਦੀ ਟੀਮ ਵਲੋਂ ਜਿਲਾ ਸਿਹਤ ਅਫਸਰ ਡਾ. ਲਖਵੀਰ ਸਿੰਘ ਦੀ ਅਗਵਾਈ ਵਿਚ ਦਾਣਾ ਮੰਡੀ ਰਹੀਮਪੁਰ ’ਚ ਬੁੱਧਵਾਰ ਸ਼ਾਮ ਨੂੰ 45 ਵਿਅਕਤੀਆਂ ਦੇ ਕੋਰੋਨਾ ਰੈਪਿਡ ਟੈਸਟ ਕੀਤੇ ਗਏ ਜਿਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ।
ਡੀ.ਐਸ.ਪੀ. (ਹੈਡਕੁਆਰਟਰ) ਗੁਰਪ੍ਰੀਤ ਸਿੰਘ ਗਿੱਲ ਅਤੇ ਡੀ.ਐਸ.ਪੀ. ਜਸਪ੍ਰੀਤ ਸਿੰਘ ਦੀ ਮੌਜੂਦਗੀ ’ਚ ਡਾ. ਲਖਵੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਦਾਣਾ ਮੰਡੀ ਵਿਚ ਵਿਸ਼ੇਸ਼ ਕੈਂਪ ਲਾ ਕੇ ਇਹ ਰੈਪਿਡ ਟੈਸਟ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਅਤੇ ਐਸ.ਐਸ.ਪੀ. ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਦੇ ਨਿਰਦੇਸ਼ਾਂ ’ਤੇ ਇਹ ਕੈਂਪ ਲਗਾਇਆ ਗਿਆ ਤਾਂ ਜੋ ਕੋਰੋਨਾ ਵਾਇਰਸ ਦੇ ਹੋਰ ਫੈਲਾਅ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਪੁਲਿਸ ਹਸਪਤਾਲ ਹੁਸ਼ਿਆਰਪੁਰ ਦੀ ਟੀਮ ਵਲੋਂ ਭੀੜ-ਭਾੜ ਵਾਲੇ ਅਤੇ ਜਿਆਦਾ ਆਵਾਜਾਈ ਵਾਲੇ ਵੱਖ-ਵੱਖ ਖੇਤਰਾਂ ਵਿਚ ਟੀਕਾਕਰਨ ਕੈਂਪਾਂ ਦੇ ਨਾਲ-ਨਾਲ ਟੈਸਟਿੰਗ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਤਾਂ ਜੋ ਜੇਕਰ ਕਿਸੇ ਵਿਅਕਤੀ ਦਾ ਰੈਪਿਡ ਟੈਸਟ ਪਾਜ਼ੀਟਿਵ ਆਉਣ ਦੀ ਸੂਰਤ ਵਿਚ ਉਸਦਾ ਆਰ.ਟੀ.ਪੀ.ਸੀ.ਆਰ ਟੈਸਟ ਕਰਵਾ ਕੇ ਉਸਨੂੰ ਸਮੇਂ ਸਿਰ ਲੋੜੀਂਦੀ ਅਹਿਤਿਆਤ ਵਰਤਣ ਲਈ ਸੁਚੇਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੀ ਅਗਵਾਈ ਵਿਚ ਜਿਲੇ ਅੰਦਰ ਵੱਖ-ਵੱਖ ਥਾਵਾਂ ’ਤੇ ਕੋਰੋਨਾ ਦੀ ਅਸਰਦਾਰ ਰੋਕਥਾਮ ਲਈ ਅਹਿਮ ਸਰਗਰਮੀਆਂ ਅਮਲ ਵਿਚ ਲਿਆਂਦੀਆਂ ਜਾ ਰਹੀਆਂ ਹਨ ਜਿਨ੍ਹਾਂ ਤਹਿਤ ਟੀਕਾਕਰਨ ਕੈਂਪਾਂ ਅਤੇ ਟੈਸਟਿੰਗ ਵਿਚ ਵੀ ਹੋਰ ਤੇਜੀ ਲਿਆਂਦੀ ਜਾ ਰਹੀ ਹੈ।
ਲੋਕਾਂ ਨੂੰ ਗੰਭੀਰ ਹੁੰਦੇ ਜਾ ਰਹੇ ਕੋਰੋਨਾ ਸੰਕਟ ਤੋਂ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਅਪੀਲ ਕਰਦਿਆਂ ਡਾ. ਲਖਵੀਰ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਆਪਣੀ ਰੋਜ਼ਮਰਾ ਦੀ ਜਿੰਦਗੀ ਵਿਚ ਪੂਰਨ ਤੌਰ ’ਤੇ ਲਾਗੂ ਕਰਨਾ ਸਮੇਂ ਦੀ ਮੁੱਖ ਲੋੜ ਹੈ ਜਿਸ ਪ੍ਰਤੀ ਕਿਸੇ ਨੂੰ ਕਿਸੇ ਵੀ ਕੀਮਤ ’ਤੇ ਲਾਪਰਵਾਹੀ ਨਹੀਂ ਦਿਖਾਉਣੀ ਚਾਹੀਦੀ।