ਐਕਵਿਟ ਕੇਸ 900 ਨੂੰ ਟੱਪੇ, ਲੋਕ ਗੰਭੀਰਤਾ ਨੂੰ ਸਮਝਣ - ਡੀ ਸੀ ਕਪੂਰਥਲਾ
ਬਲਵਿੰਦਰ ਸਿੰਘ ਧਾਲੀਵਾਲ
- ਵੈਕਸੀਨੇਸ਼ਨ ਕਰਵਾਉਣ ਵਾਲਿਆਂ ਨੂੰ ਕੋਵਿਡ ਦਾ ਖਤਰਾ ਨਾ-ਮਾਤਰ
- 30 ਅਪ੍ਰੈਲ ਤੱਕ ਨਿਰਧਾਰਿਤ ਵਿਆਹਾਂ ਸਬੰਧੀ ਵੀ ਦਿਸ਼ਾ ਨਿਰਦੇਸ਼ ਜਾਰੀ
ਸੁਲਤਾਨਪੁਰ ਲੋਧੀ, 28 ਅਪ੍ਰੈਲ 2021 - ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਹੈ ਕਿ ਜਿਲ੍ਹੇ ਅੰਦਰ ਐਕਟਿਵ ਕੇਸ 900 ਤੋਂ ਜਿਆਦਾ ਹੋ ਗਏ ਹਨ, ਜਿਸ ਕਰਕੇ ਲੋਕ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਲੋਕ ਮਹਾਂਮਾਰੀ ਦੀ ਗੰਭੀਰਤਾ ਨੂੰ ਸਮਝਣ ਤੇ ਦੋਹਰੀ ਪਰਤ ਵਾਲਾ ਮਾਸਕ ਪਹਿਨਣ।
ਅੱਜ ਜਿਲ੍ਹਾ ਵਾਸੀਆਂ ਦੇ ਹਫਤਾਵਾਰੀ ਫੇਸਬੁੱਕ ਸ਼ੈਸ਼ਨ ਦੌਰਾਨ ਰੂ-ਬਰੂ ਹੁੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਵੈਕਸੀਨ ਦਾ ਅੰਕੜਾ ਇਕ ਲੱਖ ਦੇ ਕਰੀਬ ਪਹੁੰਚ ਗਿਆ ਹੈ ਕਿਉਂਕਿ ਦੂਰ ਦੁਰਾਡੇ ਖੇਤਰਾਂ ਅੰਦਰ ਵੀ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਕੋਵਿਡ ਦਾ ਖਤਰਾ ਬਹੁਤ ਘੱਟ ਹੈ, ਜਿਸ ਕਰਕੇ ਪਹਿਲੀ ਮਈ ਤੋਂ ਸ਼ੁਰੂ ਹੋਣ ਵਾਲੀ ਵੈਕਸੀਨੇਸ਼ਨ ਲਈ 18 ਸਾਲ ਤੋਂ ਉੱਪਰ ਦੇ ਲੋਕ ਰਜਿਸਟ੍ਰੇਸ਼ਨ ਕਰਵਾਉਣ।
ਉਨ੍ਹਾਂ ਕਿਹਾ ਕਿ ਆਕਸੀਜਨ ਦੀ ਉਪਲਬਧਤਾ ਯਕੀਨੀ ਬਣਾਉਣ ਲਈ ‘ਆਕਸੀਜਨ ਆਡਿਟ ’ ਕਰਵਾਇਆ ਗਿਆ ਹੈ ਅਤੇ ਜਿਲ੍ਹੇ ਅੰਦਰ ਲੈਵਲ -2 ਦੀ ਸਹੂਲਤਾਂ ਅੰਦਰ ਆਕਸੀਜਨ ਢੁਕਵੀਂ ਮਾਤਰਾ ਵਿਚ ਉਪਲਬਧ ਹੈ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਕੋਵਿਡ ਦੇ ਵਧਦੇ ਕੇਸਾਂ ਕਾਰਨ ਵਿਆਹਾਂ ਸਬੰਧੀ ਵੀ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋੋ ਵਿਆਹ-ਸ਼ਾਦੀਆਂ 30 ਅਪ੍ਰੈਲ ਤੋਂ ਪਹਿਲਾਂ ਜਾਂ 30 ਅਪ੍ਰੈਲ ਨੂੰ ਸ਼ਾਮ 6 ਵਜੇ ਤੋਂ ਬਾਅਦ ਹੋਣੀਆਂ ਨਿਰਧਾਰਿਤ ਹਨ, ਉਹ ਕੁਝ ਸ਼ਰਤਾਂ ਸਹਿਤ ਸਮਾਗਮ ਕਰ ਸਕਦੇ ਹਨ। ਇਨ੍ਹਾਂ ਵਿਚ 20 ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਦੀ ਆਗਿਆ ਨਹੀਂ ਹੋਵੇਗੀ ਅਤੇ ਵਿਆਹ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਸਬੰਧਿਤ ਐਸ.ਡੀ.ਐਮ. ਕੋਲੋਂ ਕਰਫਿਊ ਪਾਸ ਲੈਣਾ ਲਾਜਮੀ ਹੋਵੇਗਾ। ਇਹ ਸਮਾਗਮ ਵੀ ਰਾਤ 9 ਵਜੇ ਤੋਂ ਪਹਿਲਾਂ ਸਮਾਪਤ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉੱਪਰ ਦਿੱਤੀਆਂ ਹਦਾਇਤਾਂ ਕੇਵਲ 30 ਅਪ੍ਰੈਲ ਤੱਕ ਨਿਰਧਾਰਿਤ ਵਿਆਹ ਸਮਾਗਮਾਂ ਲਈ ਹਨ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪਹਿਲੀ ਮਈ ਜਾਂ ਉਸ ਤੋਂ ਬਾਅਦ ਦੇ ਵਿਆਹ ਸਮਾਗਮ ਵਾਲੇ ਲੋਕ ਨਵੀਆਂ ਹਦਾਇਤਾਂ ਤੇ ਕਰਫਿਊ ਦੇ ਸਮੇਂ ਅਨੁਸਾਰ ਨਿਰਧਾਰਿਤ ਕਰਨ।