ਆਟੋ ਚਾਲਕਾਂ ਨੇ ਕਰੋਨਾ ਦੇ ਨਾਂਅ ਹੇਠ ਲਾਈਆਂ ਪਾਬੰਦੀਆਂ ਹਟਾਉਣ ਦੀ ਕੀਤੀ ਮੰਗ
ਨਵਾਂਸ਼ਹਿਰ 28 ਅਪ੍ਰੈਲ 2021 - ਅੱਜ ਨਿਊ ਆਟੋ ਵਰਕਰਜ਼ ਯੂਨੀਅਨ ਨੇ ਮੀਟਿੰਗ ਕਰਕੇ ਪੰਜਾਬ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਕਾਰਨ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲਾ ਮੀਤ ਪ੍ਰਧਾਨ ਬਿੱਲਾ ਗੁੱਜਰ ਨੇ ਕਿਹਾ ਕਿ ਪੰਜਾਬ ਸਰਕਾਰ ਬੇਲੋੜੀਆਂ ਪਾਬੰਦੀਆਂ ਲਾਕੇ ਕਰੋਨਾ ਬਿਮਾਰੀ ਨਾਲ ਘੱਟ ਅਤੇ ਲੋਕਾਂ ਵਿਰੁੱਧ ਵੱਧ ਲੜਾਈ ਲੜ ਰਹੀ ਹੈ।ਉਹਨਾਂ ਕਿਹਾ ਕਿ ਇਹਨਾਂ ਪਾਬੰਦੀਆਂ ਕਾਰਨ ਆਟੋ ਦੀ ਸਵਾਰੀ ਬਹੁਤ ਘਟ ਗਈ ਹੈ।ਬੈਂਕਾਂ ਦੀਆਂ ਕਿਸ਼ਤਾਂ ਦੇਣੀਆਂ ਔਖੀਆਂ ਹੋ ਗਈਆਂ ਹਨ,ਟੈਕਸਾਂ ਦੀ ਭਰਮਾਰ ਹੈ।
ਸਕੂਲ ਬੰਦ ਹੋਣ ਕਾਰਨ ਬੱਚਿਆਂ ਦੀਆਂ ਮੋਟੀਆਂ ਟਿਊਸ਼ਨ ਫੀਸਾਂ ਦੇਣੀਆਂ ਪੈ ਰਹੀਆਂ ਹਨ। ਨਿੱਤ ਵਰਤੋਂ ਦੀਆਂ ਚੀਜਾਂ ਦੀ ਸ਼ਰੇਆਮ ਬਲੈਕ ਹੋ ਰਹੀ ਹੈ ਜਿਸ ਉੱਤੇ ਸਰਕਾਰ ਕੋਈ ਕੰਟਰੋਲ ਨਹੀਂ ਕਰ ਰਹੀ।ਪੰਜਾਬ ਸਰਕਾਰ ਦੇ ਹੁਕਮਾਂ ਉੱਤੇ ਪੁਲਸ ਮੋਟੇ ਜੁਰਮਾਨੇ ਕਰਕੇ ਸਰਕਾਰ ਦਾ ਖਜਾਨਾ ਭਰਨ ਲਈ ਦਿਨ ਰਾਤ ਇਕ ਕਰ ਰਹੀ ਹੈ।ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਲੌਕਡਾਉਨ ਅਤੇ ਕਰਫਿਊ ਹਟਾਕੇ ਸਿਹਤ ਵਿਭਾਗ ਦੀ ਮਜਬੂਤੀ ਵੱਲ ਧਿਆਨ ਦੇਵੇ, ਵੈਕਸੀਨ ਅਤੇ ਦਵਾਈਆਂ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਲੋਕਾਂ ਵਿਚ ਚੇਤਨਾ ਪੈਦਾ ਕਰਨ ਦਾ ਕੰਮ ਕਰੇ।ਉਹਨਾਂ ਕਿਹਾ ਕਿ ਉਹਨਾਂ ਦੀ ਜਥੇਬੰਦੀ ਪਹਿਲੀ ਮਈ ਨੂੰ ਦੁਸਹਿਰਾ ਗਰਾਉਂਡ ਨਵਾਂਸ਼ਹਿਰ ਵਿਖੇ ਮਨਾਏ ਜਾ ਰਹੇ ਮਜਦੂਰ ਦਿਵਸ ਵਿਚ ਭਰਵੀਂ ਸ਼ਮੂਲੀਅਤ ਕਰੇਗੀ।