ਮੋਹਾਲੀ: ਸਾਰੀਆਂ ਸਨਅਤੀ ਜਾਂ ਹੋਰ ਇਕਾਈਆਂ ਨੂੰ ਆਕਸੀਜਨ ਪ੍ਰਬੰਧਨ ਕਮੇਟੀ ਕੋਲ ਤੁਰੰਤ ਸਿਲੰਡਰ ਉਪਲੱਬਧ ਕਰਵਾਉਣ ਦੇ ਆਦੇਸ਼
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 27 ਅਪ੍ਰੈਲ 2021 - ਕੋਵਿਡ-19 ਮਾਮਲਿਆਂ ਵਿੱਚ ਹੋ ਰਹੇ ਵਾਧੇ ਨੂੰ ਵੇਖਦਿਆਂ ਦੇਸ਼ ਵਿੱਚ ਉਦਯੋਗਿਕ ਆਕਸੀਜਨ ਸਪਲਾਈ ‘ਤੇ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ। ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਦੀ ਸਪਲਾਈ ਕਰਨ ਦੇ ਮੱਦੇਨਜ਼ਰ ਕੋਵਿਡ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਹਸਪਤਾਲਾਂ ਵਿਚ ਖਾਲੀ ਸਿਲੰਡਰਾਂ ਦੀ ਉਪਲਬਧਤਾ ਦੀ ਪੂਰਤੀ ਕਰਨਾ ਲਾਜ਼ਮੀ ਹੈ।
ਇਸ ਲਈ, ਕੌਮੀ ਆਫ਼ਤ ਪ੍ਰਬੰਧਨ ਐਕਟ, 2005 ਤਹਿਤ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਆਕਸੀਜਨ ਸਿਲੰਡਰ ਦੀ ਉਪਲੱਬਧਤਾ ਵਾਲੀਆਂ ਸਾਰੀਆਂ ਸਨਅਤੀ ਜਾਂ ਹੋਰ ਇਕਾਈਆਂ ਨੂੰ ਆਕਸੀਜਨ ਪ੍ਰਬੰਧਨ ਕਮੇਟੀ ਦੇ ਮੁਖੀ ਸ੍ਰੀ ਪਵਿੱਤਰ ਸਿੰਘ, ਪੀ.ਸੀ.ਐੱਸ., ਈਓ ਗਮਾਡਾ ਕੋਲ ਤੁਰੰਤ ਉਪਲੱਬਧ ਕਰਵਾਉਣ ਦੇ ਆਦੇਸ਼ ਦਿੱਤੇ। ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਸ੍ਰੀ ਸੁਖਦੀਪ ਸਿੰਘ (ਫੋਨ ਨੰ. 9914400406) ਆਕਸੀਜਨ ਸਿਲੰਡਰ ਖਰੀਦਣ ਲਈ ਨੋਡਲ ਅਫ਼ਸਰ ਹੋਣਗੇ।
ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਇਸ ਸਬੰਧੀ ਕਿਸੇ ਵੀ ਅਣਗਹਿਲੀ ਲਈ ਇਹਨਾਂ ਯੂਨਿਟਾਂ ਦੇ ਮਾਲਕਾਂ ਅਤੇ ਪ੍ਰਬੰਧਕ ਨਿੱਜੀ ਤੌਰ ‘ਤੇ ਜ਼ਿੰਮੇਵਾਰ ਹੋਣਗੇ।