ਇਕਾਂਤਵਾਸ ਸਜ਼ਾ ਨਹੀ ਸਗੋਂ ਹੋਰਨਾਂ ਨੂੰ ਕੋਰੋਨਾ ਪੀੜਤ ਹੋਣ ਤੋਂ ਬਚਾਉਣ ਦਾ ਸਹੀ ਤਰੀਕਾ ਹੈ – ਪੂਨਮ ਸਿੰਘ
ਪਰਵਿੰਦਰ ਸਿੰਘ ਕੰਧਾਰੀ
- ਇਕਾਂਤਵਾਸ ਹੋਏ ਵਿਅਕਤੀ ਮੋਬਾਇਲ ਤੇ ਕੋਵਾ ਐਪ ਜਰੂਰ ਡਾਊਨਲੋਡ ਕਰਨ
- ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ
ਫਰੀਦਕੋਟ 27 ਅਪ੍ਰੈਲ- ਕੋਰੋਨਾ ਵਾਇਰਸ ਦੇ ਖਤਰੇ ਨੂੰ ਮੁੱਖ ਰੱਖਦਿਆਂ ਹੋਇਆ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਅਤੇ ਸਿਹਤ ਵਿਭਾਗ ਦੀਆਂ ਗਾਈਡਲਾਈਨ ਅਨੁਸਾਰ ਜ਼ਿਲੇਂ ਦੇ ਕੋਰੋਨਾ ਪੀੜਿਤ ਵਿਅਕਤੀਆਂ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਜਾ ਰਿਹਾ ਹੈ। ਇਕਾਂਤਵਾਸ ਹੋਏ ਲੋਕਾਂ ਦੀ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਟਰੈਕਿੰਗ ਕੀਤੀ ਜਾਂਦੀ ਹੈ, ਉਥੇ ਹੀ ਉਨ੍ਹਾਂ ਨੂੰ ਲੋੜ ਅਨੁਸਾਰ ਡਾਕਟਰੀ ਸਹਾਇਤਾ ਤੇ ਹੋਰ ਮੱਦਦ ਵੀ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਮਿਸ.ਪੂਨਮ ਸਿੰਘ ਐਸ.ਡੀ.ਐਮ ਫਰੀਦਕੋਟ ਕਮ ਸੀ.ਪੀ.ਟੀ.ਓ ਨੇ ਦਿੱਤੀ।
ਮੈਡਮ ਪੂਨਮ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਕੋਰੋਨਾ ਪਾਜੀਟਿਵ ਹਰ ਵਿਅਕਤੀ ਨੂੰ 14 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਕਰਕੇ ਨੋਵਲ ਕੋਰੋਨਾ ਵਾਇਰਸ ਦੀ ਮਹਾਂਵਾਰੀ ਨੂੰ ਫੈਲਣ ਤੋਂ ਰੋਕਣ ਲਈ ਬਹੁਤ ਹੀ ਚੌਕਸੀ ਵਰਤੀ ਜਾ ਰਹੀ ਹੈ। ਇਨਾਂ ਦਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਰੋਜ਼ਾਨਾ ਫਾਲੋ ਅੱਪ ਵੀ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਕਾਂਤਵਾਸ ਸਜ਼ਾ ਨਹੀ ਹੈ ਸਗੋਂ ਘਰ ਵਾਲਿਆਂ ਸਮੇਤ ਹੋਰਨਾ ਲੋਕਾਂ ਨੂੰ ਕੋਰੋਨਾ ਪੀੜਤ ਹੋਣ ਤੋਂ ਬਚਾਉਣ ਦਾ ਇੱਕ ਸਹੀ ਤਰੀਕਾ ਹੈ। ਉਨਾਂ ਦੱਸਿਆ ਕਿ ਗੰਭੀਰ ਮਰੀਜਾਂ ਨੂੰ ਲੋੜ ਪੈਣ ਤੇ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਕਾਂਤਵਾਸ ਕੀਤੇ ਵਿਅਕਤੀਆਂ ਦੀ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਰੋਜਾਨਾ ਹੀ ਜਾਂਚ ਕੀਤੀ ਜਾ ਰਹੀ ਹੈ ਤੇ ਉਨਾਂ ਨੂੰ ਫਤਿਹ ਕਿੱਟ ਮੂਹਈਆ ਕਰਵਾਉਣ ਦੇ ਨਾਲ, ਕੋਰੋਨਾ ਪ੍ਰੋਟੋਕੋਲ ਦੇ ਨਿੱਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਅਤੇ ਖਾਣ-ਪੀਣ ਦੀਆਂ ਵਸਤਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ ।ਉਨ੍ਹਾਂ ਪਾਜੀਟਿਵ ਆਏ ਮਰੀਜਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਗਾਈਡਲਾਈਨ ਅਨੁਸਾਰ ਇਕਾਂਤਵਾਸ ਜਰੂਰ ਪੂਰਾ ਕਰਨ। ਉਨਾਂ ਕਿਹਾ ਕਿ ਇਹ ਬਿਮਾਰੀ ਘਰ ਬੈਠਿਆਂ ਨੂੰ ਨਹੀਂ ਲਗਦੀ ਸਗੋਂ ਅਸੀਂ ਘਰੋਂ ਬਾਹਰ ਜਾ ਕੇ ਖੁਦ ਇਸ ਬਿਮਾਰੀ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੰਦੇ ਹਾਂ। ਇਸ ਲਈ ਸਿਹਤ ਵਿਭਾਗ ਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਹੀ ਇਸਦਾ ਬਚਾਅ ਹੈ।
ਉਨ੍ਹਾਂ ਕਿਹਾ ਕਿ ਇਕਾਂਤਵਾਸ ਕੀਤੇ ਜਾ ਰਹੇ ਸਾਰੇ ਵਿਅਕਤੀਆਂ ਕੋਵਾ ਐਪ ਜਰੂਰ ਡਾਊਨਲੋਡ ਕਰਣ ਤਾਂ ਜੋ ਕੋਰੋਨਾ ਤੋਂ ਬਚਾਓ ਤੇ ਸਾਵਧਾਨੀਆਂ ਸਬੰਧੀ ਇਸ ਐਪ ਤੋਂ ਹਰ ਕੋਈ ਜਾਣਕਾਰੀ ਹਾਸਲ ਕਰ ਸਕੇ ਅਤੇ ਘਰ ਇਕਾਂਤਵਾਸ ਕੀਤੇ ਵਿਅਕਤੀ ਰੋਜ਼ਾਨਾਂ ਆਪਣਾ ਸਰੀਰਕ ਤਾਪਮਾਨ ਤੇ ਲੱਛਣ ਇਸ ਐਪ ਵਿੱਚ ਭਰ ਸਕਣ। ਉਨਾਂ ਦੱਸਿਆ ਕਿ ਸਕਰੀਨਿੰਗ,ਮੈਡੀਕਲ ਸਹਾਇਤਾ ਅਤੇ ਹੋਰ ਕਿਸੇ ਵੀ ਸਿਹਤ ਸਹੂਲਤ-ਸੇਵਾਵਾਂ ਸਬੰਧੀ ਜਾਣਕਾਰੀ ਹੈਲਪ ਲਈਨ ਨੰਬਰ 104 ਤੋਂ ਲੈ ਸਕਦੇ ਹਨ।