ਕੇਂਦਰੀ ਯੂਨੀਵਰਸਿਟੀ ਬਠਿੰਡਾ ਨੇ ਆਕਸੀਜਨ ਸਿਲੰਡਰ ਮੁਹੱਈਆ ਕਰਵਾਏ
ਅਸ਼ੋਕ ਵਰਮਾ
ਬਠਿੰਡਾ,27ਅਪਰੈਲ2021:ਕਰੋਨਾ ਮਹਾਮਾਰੀ ਦੀ ਮੌਜੂਦਾ ਸਥਿਤੀ ਦੌਰਾਨ ਆਕਸੀਜ਼ਨ ਸਿਲੰਡਰਾਂ ਦੀ ਘਾਟ ਨੂੰ ਦੇਖਦਿਆਂ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਸਮਝਦਿਆਂ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਨੇ ਲੋੜਵੰਦ ਮਰੀਜਾਂ ਨੂੰ ਆਕਸੀਜਨ ਸਪਲਾਈ ਕਰਨ ਲਈ ਜਿਲ੍ਹਾ ਪ੍ਰਸ਼ਾਸ਼ਨ, ਬਠਿੰਡਾ ਨੂੰ 16 ਅਤੇ ਏਮਜ਼ ਬਠਿੰਡਾ ਨੂੰ 10 ਸਿਲੰਡਰਾਂ ਸਮੇਤ ਯੂਨੀਵਰਸਿਟੀ ਦੀਆਂ ਲਿਬਾਰਟਰੀਆਂ ’ਚ ਵਰਤੇ ਜਾ ਰਹੇ 26 ਆਕਸੀਜਨ ਸਿਲੰਡਰ ਮੁਹੱਈਆ ਕਰਵਾਉਣ ਦੀ ਪਹਿਲਕਦਮੀ ਕੀਤੀ ਹੈ। ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਜਦੋਂ ਤਰਲ ਆਕਸੀਜਨ ਅਤੇ ਆਕਸੀਜਨ ਸਪਲਾਈ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਤਾਂ ਇਹ ਛੋਟਾ ਜਿਹਾ ਯਤਨ ਕੋਵਿਡ ਵਿਰੁੱਧ ਲੜ ਰਹੇ ਮਰੀਜਾਂ ਦੀ ਜਾਨ ਬਚਾਉਣ ਵਿੱਚ ਜਰੂਰ ਮਦਦ ਕਰੇਗਾ ਜਿੰਨ੍ਹਾਂ ਨੂੰ ਇਸ ਵੇਲੇ ਆਕਸੀਜਨ ਦੀ ਸਖਤ ਜਰੂਰਤ ਹੈ।
ਪ੍ਰੋ. ਤਿਵਾੜੀ ਨੇ ਵਿੱਦਿਅਕ ਤੇ ਖੋਜ ਸੰਸਥਾਵਾਂ, ਉਦਯੋਗ ਅਤੇ ਕਾਰੋਬਾਰੀ ਘਰਾਣਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਤਰਲ ਆਕਸੀਜਨ ਨਾਲ ਜੁੜੀਆਂ ਪ੍ਰਕਿਰਿਆਵਾਂ ਨੂੰ ਕੁਝ ਸਮੇਂ ਲਈ ਰੋਕ ਦੇਣ ਅਤੇ ਕੋਰੋਨਾ ਮਹਾਮਾਰੀ ਦੌਰਾਨ ਬੇਹਤਰ ਪ੍ਰਬੰਧ ਲਈ ਪਸ਼ਾਸ਼ਨ ਦੀ ਸਹਾਇਤਾ ਕਰਨ। ਵਾਈਸ ਚਾਂਸਲਰ ਪ੍ਰੋ. ਤਿਵਾੜੀ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਰਜਿਸਟਰਾਰ ਕੰਵਲਪਾਲ ਸਿੰਘ ਮੁੰਦਰਾ ਦੀ ਅਗਵਾਈ ਹੇਠ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਸਾਰੇ ਰੋਕਥਾਮ ਉਪਾਅ ਕੀਤੇ ਹਨ ਅਤੇ ਯੂਨੀਵਰਸਿਟੀ ਕਰਮਚਾਰੀਆਂ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਟੀਕਾਕਰਣ ਅਤੇ ਕੋਵਿਡ ਟੈਸਟਿੰਗ ਕੈਂਪ ਵੀ ਲਾਏ ਗਏ ਸਨ।