29 ਅਪ੍ਰੈਲ ਤੋਂ ਨਿਊਜ਼ੀਲੈਂਡ ਨਾਗਰਿਕ ਤੇ ਉਨ੍ਹਾਂ ਦੇ ਬਹੁਤ ਨੇੜਲੇ ਪਰਿਵਾਰਕ ਮੈਂਬਰ ਦੇਸ਼ ’ਚ ਦਾਖਲ ਹੋ ਸਕਣਗੇੇ
ਹਰਜਿੰਦਰ ਸਿੰਘ ਬਸਿਆਲਾ
- ਘਰ ਵਾਪਿਸੀ- ਬਲੈਕ ਪਾਸਪੋਰਟ-ਗ੍ਰੀਨ ਕੰਟਰੀ
- ਵੀਰਵਾਰ ਤੋਂ ਨਿਊਜ਼ੀਲੈਂਡ ਨਾਗਰਿਕ ਤੇ ਉਨ੍ਹਾਂ ਦੇ ਬਹੁਤ ਨੇੜਲੇ ਪਰਿਵਾਰਕ ਮੈਂਬਰ ਦੇਸ਼ ’ਚ ਦਾਖਲ ਹੋ ਸਕਣਗੇੇ
- 1 ਮਈ ਤੋਂ ਵਧੇਗੀ ਵੀਜ਼ਾ ਐਪਲੀਕੇਸ਼ਨ ਸੈਂਟਰਾਂ ਦੀ ਫੀਸ
ਆਕਲੈਂਡ, 27 ਅਪ੍ਰੈਲ 2021:-ਨਿਊਜ਼ੀਲੈਂਡ ਨੇ ਕਰੋਨਾ ਦੀ ਬਿਮਾਰੀ ਦੇ ਦੁਬਾਰਾ ਕਈ ਮੁਲਕਾਂ ਦੇ ਵਿਚ ਵੱਡੇ ਪੱਧਰ ਉਤੇ ਫੈਲਣ ਬਾਅਦ ਆਪਣੀ ਸੁਰੱਖਿਆ ਦੇ ਮੱਦੇ ਨਜ਼ਰ ਉਨ੍ਹਾਂ ਲਈ ਹੁਣ ਤੱਕ ਦੇ ਖੁੱਲ੍ਹੇ ਦਰਵਾਜ਼ਿਆਂ ਨੂੰ ਭੇੜਨਾ ਸ਼ੁਰੂ ਕਰ ਦਿੱਤਾ ਹੋਇਆ ਹੈ। ਬੀਤੇ ਦਿਨੀਂ ਭਾਰਤ, ਬ੍ਰਾਜ਼ੀਲ, ਪਾਕਿਸਤਾਨ ਅਤੇ ਪਾਪੂਆ ਨਿਊ ਗਿਨੀ ਨੂੰ ਨਿਊਜ਼ੀਲੈਂਡ ਨੇ ਕਰੋਨਾ ਬਿਮਾਰੀ ਦੀ ਆਮਦ ਲਈ ਅਤਿ ਖਤਰੇ ਵਾਲੇ ਦੇਸ਼ (very high risk) ਦੇਸ਼ ਐਲਾਨ ਦਿੱਤਾ ਹੈ। 11 ਅਪ੍ਰੈਲ ਤੋਂ 28 ਅਪ੍ਰੈਲ ਤੱਕ ਇੰਡੀਆ ਤੋਂ ਕਿਸੇ ਵੀ ਯਾਤਰੀ ਦੇ ਆਉਣ ਉਤੇ ਪਾਬੰਦੀ ਚੱਲ ਰਹੀ ਹੈ ਜੋ ਕਿ ਕੱਲ੍ਹ ਰਾਤ ਖਤਮ ਹੋਣ ਵਾਲੀ ਹੈ। ਇਸ ਤੋਂ ਬਾਅਦ ਸਰਕਾਰ ਨੇ ਐਲਾਨ ਕੀਤਾ ਹੈ ਕਿ 28 ਅਪ੍ਰੈਲ ਨੂੰ ਰਾਤ 11.59 ਮਿੰਟ ਤੋਂ ਬਾਅਦ ਨਵਾਂ ਨਿਯਮ ਇਹ ਲਾਗੂ ਹੋਵੇਗਾ ਕਿ ਜਿਹੜੇ ਲੋਕ ਨਿਊਜ਼ੀਲੈਂਡ ਦੀ ਨਾਗਰਿਕਤਾ ਰੱਖਦੇ ਹਨ ਜਾਂ ਉਨ੍ਹਾਂ ਦੇ ਬਹੁਤ ਹੀ ਨੇੜਲੇ ਪਰਿਵਾਰਕ ਮੈਂਬਰ ਇਥੇ ਵਾਪਿਸ ਆ ਸਕਣਗੇ। ਇਸਦੇ ਵਿਚ ਸ਼ਾਮਿਲ ਹੈ ਜੀਵਨ ਸਾਥੀ (ਪਾਰਟਨਰਜ਼), ਨਿਰਭਰ ਬੱਚੇ, ਨਿਊਜ਼ੀਲੈਂਡ ਦੇ ਨਾਗਰਿਕ ਨਿਰਭਰ ਬੱਚਿਆਂ ਦੇ ਮਾਪੇ ਜਾਂ ਫਿਰ ਇਨਸਾਨੀਅਤ ਦੇ ਨਾਤੇ ਜ਼ਰੂਰੀ ਮਾਮਲਿਆਂ ਵਿਚ। ਅਜਿਹੇ ਮਾਮਲਿਆਂ ਵਿਚ ਗੈਰ ਨਿਊਜ਼ੀਲੈਂਡ ਯਾਤਰੀਆਂ ਕੋਲ ਉਚਿਤ ਵੀਜਾ ਹੋਣਾ ਜਰੂਰੀ ਹੈ।
ਸਰਕਾਰ ਨੇ ਫਾਰਮੂਲਾ ਲਾਇਆ ਹੈ ਕਿ ਜੇਕਰ ਕਿਸੇ ਦੇਸ਼ ਦੇ 1000 ਲੋਕ ਇਥੇ ਪਹੁੰਚਦੇ ਹਨ ਅਤੇ ਉਨ੍ਹਾਂ ਵਿਚੋਂ 50 ਕੇਸ ਕਰੋਨਾ ਪਾਜ਼ੇਟਿਵ ਨਿਕਲਦੇ ਹਨ ਤਾਂ ਉਹ ਅਤਿ ਖਤਰੇ ਵਾਲਾ ਦੇਸ਼ ਹੋਵੇਗਾ। ਇਸ ਵਿਚ ਉਹ ਦੇਸ਼ ਸ਼ਾਮਿਲ ਹੋਣਗੇ ਜਿੱਥੋਂ ਪ੍ਰਤੀ ਮਹੀਨਾ 15 ਤੋਂ ਜਿਆਦਾ ਲੋਕ ਇਥੇ ਆਉਂਦੇ ਹਨ।
ਕੋਵਿਡ-19 ਮਾਮਲਿਆਂ ਦੀ ਜ਼ਿੰਮੇਵਾਰੀ ਨਿਭਾਅ ਰਹੇ ਮੰਤਰੀ ਕ੍ਰਿਸ ਹਿਪਕਿਨਜ ਨੇ ਬੀਤੀ ਦਿਨੀ ਇਹ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਘਰ ਵਾਪਿਸੀ ਲਈ ਨਹੀਂ ਰੋਕ ਰਹੇ ਸਗੋਂ ਇਕ ਸੁਰੱਖਿਅਤ ਤਰੀਕਾ ਮੁਹੱਈਆ ਕਰਾ ਰਹੇ ਹਾਂ ਜਿਸ ਨਾਲ ਦੇਸ਼ ਦੇ ਬਾਕੀ ਲੋਕ ਵੀ ਸੁਰੱਖਿਅਤ ਰਹਿਣ। ਉਨ੍ਹਾਂ ਕਿਹਾ ਕਿ ਬੰਦਿਸ਼ਾਂ ਦੈ ਫਲਸਰੂਪ ਸਿਰਫ ਭਾਰਤ ਤੋਂ ਇਥੇ ਆਉਣ ਵਾਲੇ ਕਰੋਨਾ ਪਾਜ਼ੇਟਿਵ ਕੇਸਾਂ ਦੇ ਵਿਚ 75% ਕਮੀ ਆਈ ਹੈ। ਐਮ. ਆਈ. ਕਿਊ ਆਈਸੋਲੇਸ਼ਨ ਸੁਵਿਧਾ ਨੂੰ ਤਬਦੀਲ ਕੀਤਾ ਜਾ ਰਿਹਾ ਹੈ। ਹੁਣ ਕਿਸੇ ਵੀ ਹੋਟਲ ਦੇ ਵਿਚ ਯਾਤਰੀਆਂ ਨੂੰ ਸਿਰਫ ਪਹਿਲੇ 96 ਘੰਟਿਆਂ ਵਿਚ ਤਬਦੀਲ ਕੀਤਾ ਜਾਵੇਗਾ ਅਤੇ ਫਿਰ 14 ਦਿਨਾਂ ਦੇ ਲਈ ਉਥੇ ਕੋਈ ਹੋਰ ਨਵਾਂ ਵਿਅਕਤੀ ਨੂੰ ਨਹੀਂ ਭੇਜਿਆ ਜਾਵੇਗਾ।
ਇਸ ਤੋਂ ਇਲਾਵਾ ਉਹ ਯਾਤਰੀ ਆ ਸਕਣਗੇ ਜਿਹੜੇ ਇਥੇ ਆਉਣ ਤੋਂ ਪਹਿਲਾਂ ਉਸ ਦੇਸ਼ ਵਿਚ 14 ਦਿਨ ਰਹਿ ਕੇ ਆਉਣ ਜਿੱਥੇ ਕਰੋਨਾ ਦਾ ਖਤਰਾ ਘੱਟ ਹੈ ਅਤੇ ਸੁਰੱਖਿਅਤ ਦੇਸ਼ ਹੈ, ਪ੍ਰੰਤੂ ਹਾਈ ਰਿਸਕ ਵਾਲੇ ਦੇਸ਼ ਵਿਚੋਂ ਲੰਘ ਕੇ ਆਉਣ ਵਾਲੇ ਇਸਦੇ ਵਿਚ ਸ਼ਾਮਿਲ ਨਹੀਂ ਹਨ।
ਪਹਿਲੀ ਮਈ ਤੋਂ ਵੀ. ਏ. ਸੀ. (ਵੀਜ਼ਾ ਐਪਲੀਕੇਸ਼ਨ ਸੈਂਟਰ) ਦੀ ਫੀਸ ਵੀ ਵਧਾਈ ਜਾ ਰਹੀ ਹੈ। ਇੰਟਰਨੈਟ ਉਤੇ ਇਸ ਵੇਲੇ ਜੋ ਫੀਸ ਆ ਰਹੀ ਹੈ ਉਹ ਇਸ ਤਰ੍ਹਾਂ ਹੈ। ਜੇਕਰ ਆਨ ਲਾਈਨ ਅਰਜੀ ਦਾਖਲ ਕਰਕੇ ਪਾਸਪੋਰਟ ਵੀ. ਏ. ਸੀ. ਨੂੰ ਦੇਣ ਜਾਂਦੇ ਹੋ ਤਾਂ ਫੀਸ 747 ਰੁਪਏ ਹੈ ਜੇਕਰ ਤੁਹਾਡੀ ਅਰਜ਼ੀ ਫਾਰਮ ਉਤੇ ਹੈ ਤਾਂ ਫੀਸ 1124 ਰੁਪਏ ਨਜ਼ਰ ਆਉਂਦੀ ਹੈ। ਇਸੀ ਪ੍ਰਕਾਰ ਆਨ ਲਾਈਨ ਅਰਜ਼ੀ ਵਾਸਤੇ ਇਮੀਗ੍ਰੇਸ਼ਨ ਫੀਸ 246 ਨਿਊਜ਼ੀਲੈਂਡ ਡਾਲਰ ਹੈ ਅਤੇ ਪੇਪਰ (ਫਾਰਮਾਂ) ਲਈ 167 ਅਮਰੀਕੀ ਡਾਲਰ ਹੈ।