ਅਸ਼ੋਕ ਵਰਮਾ
ਬਠਿੰਡਾ, 26 ਅਪਰੈਲ 2021: ਜਦੋਂ ਗੁਰਵਿੰਦਰ ਸ਼ਰਮਾ ਤੋਂ ਕਰੋਨ ਸੰਕਟ ਦੌਰਾਨ ਲੋਕਾਈ ਦਾ ਦੁੱਖ ਨਾਂ ਦੇਖਿਆ ਗਿਆ ਤਾਂ ਉਸ ਨੇ ਦਰਦ ਵੰਡਾਉਣ ਦੀ ਰਾਹ ਤੇ ਅਜਿਹਾ ਤੁਰਿਆ ਕਿ ਦੇਖਣ ਵਾਲੇ ਦੰਗ ਰਹਿ ਗਏ ਹਨ। ਬਠਿੰਡਾ ਦਾ ਇਹ ਨੌਜਵਾਨ ਪਹਿਲੀ ਵਾਰ ਉਦੋਂ ਚਰਚਾ ’ਚ ਆਇਆ ਜਦੋਂ ਪ੍ਰਾਈਵੇਟ ਸਕੂਲਾਂ ਦੀ ਕਥਿਤ ਲੁੱਟ ਖਿਲਾਫ ਸੜਕਾਂ ਤੇ ਉਤਰਿਆ ਸੀ। ਦੇਖਦਿਆਂ ਹੀ ਦੇਖਦਿਆਂ ਇਸ ਨੌਜਵਾਨ ਦਾ ਕਾਫਲਾ ਕਾਰਵਾਂ ਦਾ ਰੂਪ ਧਾਰਨ ਕਰ ਗਿਆ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਪੀੜਤ ਵਿਅਕਤੀ ਦੇਖਦਾ ਤਾਂ ਉਸ ਦੀ ਸਹਾਇਤਾ ਲਈ ਤੜਪ ਉੱਠਦਾ ਹੈ। ਹੁਣ ਵੀ ਇੰਨ੍ਹਾਂ ਦਿਨਾਂ ਦੌਰਾਨ ਜਦੋਂ ਕਰੋਨਾ ਮਰੀਜਾਂ ਲਈ ਆਕਸੀਜਨ ਲਈ ਮਾਰਾ ਮਾਰੀ ਚੱਲ ਰਹੀ ਹੈ ਤਾਂ ਉਹ ਆਪਣੀ ਕਾਰ ਤੇ ਕਦੇ ਸਿਲੰਡਰ ਢੋਹਦਾਂ ਦਿਖਾਈ ਦਿੰਦਾ ਹੈ ਜਦੋਂਕਿ ਇਸ ਕਾਰ ’ਚ ਮਰੀਜ ਨਜ਼ਰ ਆਉਂਦੇ ਹਨ ਜਿੰਨ੍ਹਾ ਦੀ ਸਾਂਭ ਸੰਭਾਲ ਨੂੰ ਉਸ ਨੇ ਪਰਮੋ ਧਰਮ ਮੰਨ ਲਿਆ ਹੈ।
ਮਹੱਤਵਪੂਰਨ ਤੱਥ ਹੈ ਕਿ ਇਸ ਹੰਗਾਮੀ ਹਾਲਾਤ ਨੂੰ ਦੇਖਦਿਆਂ ਇਸ ਨੌਜਵਾਨ ਸਮਾਜ ਸੇਵੀ ਨੇ ਤਾਂ ਕੋਰੋਨਾ ਪੀੜਤਾਂ ਦੀ ਸਹਾਇਤਾ ਕਰਨ ਅਤੇ ਆਕਸੀਜਨ ਗੈਸ ਦੇ ਇੰਤਜਾਮਾਂ ਖਾਤਰ ਆਪਣੀ ਕਾਰ ਤੱਕ ਵੇਚਣ ਦਾ ਫੈਸਲਾ ਲੈ ਲਿਆ ਹੈ।ਕੋਰੋਨਾ ਮਹਾਂਮਾਰੀ ਦੇ ਇਸ ਦੌਰ ’ਚ ਆਕਸੀਜਨ ਦੀ ਵੱਡੇ ਪੱਧਰ ’ਤੇ ਪੈਦਾ ਹੋਈ ਘਾਟ ਦੇ ਚਲਦਿਆਂ ਆਕਸੀਜਨ ਸਿਲੰਫਰਾਂ ਦੇ ਪ੍ਰਬੰਧਾਂ ’ਚ ਜੁਟਿਆ ਹੋਇਆ ਗੁਰਵਿੰਦਰ ਆਖਦਾ ਹੈ ਕਿ ਜਿੰਦਗੀ ਸਲਾਮਤ ਰਹੀ ਤਾਂ ਕਾਰਾਂ ਦੀ ਘਾਟ ਨਹੀਂ ਪਰ ਇਸ ਵੇਲੇ ਪੀੜਤਾਂ ਤੱਕ ਸਹਾਇਤਾ ਪੁੱਜਦੀ ਕਰਨਾ ਜਰੂਰੀ ਹੈ। ਉਸ ਨੇ ਆਖਿਆ ਕਿ ਇਸ ਵੇਲੇ ਤਾਂ ਰੋਟੀ ਨਾਂਲੋਂ ਵੀ ਹਸਪਤਾਲਾਂ ’ਚ ਆਕਸੀਜ਼ਨ ਗੈਸ ਜਰੂਰੀ ਹੈ ਕਿਉਂਕਿ ਇਸ ਦੀ ਘਾਟ ਕਾਰਨ ਮਰੀਜਾਂ ਦੇ ਸਾਹਾਂ ਦੀ ਡੋਰ ਟੁੱਟਣ ਲੱਗੀ ਹੈ। ਉਸ ਨੇ ਦੱਸਿਆ ਕਿ ਜਿਸ ਦਿਨ ਕਾਰ ਵਿਕ ਗਈ ਤਾਂ ਸਾਰੇ ਪੈਸੇ ਕਰੋਨਾ ਮਰੀਜਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਲਾਏ ਜਾਣੇ ਹਨ।
ਗੁਰਵਿੰਦਰ ਸ਼ਰਮਾ ਦਾ ਪ੍ਰਤੀਕਰਮ ਸੀ ਕਿ ਖਾਲੀ ਹੱਥ ਆਏ ਹਾਂ ਤੇ ਖਾਲੀ ਹੱਥ ਹੀ ਵਾਪਿਸ ਚਲੇ ਜਾਣਾ ਹੈ ਇਸ ਲਈ ਜੇ ਇਹ ਜਿੰਦਗੀ ਕਿਸੇ ਦੇ ਕੰਮ ਆ ਜਾਏ ਤਾਂ ਹੋਰ ਕੀ ਚਾਹੀਦਾ ਹੈ। ਉਹ ਗਮੀ ਖੁਸ਼ੀ ਦੇ ਸਮਾਗਮਾਂ ’ਚ ਵੀ ਸਮਾਜਸੇਵਾ ਲਈ ਪ੍ਰੇਰਿਤ ਕਰਨਾ ਨਹੀਂ ਭੁੱਲਦਾ ਹੈ।ਹੁਣ ਸਹਿਯੋਗ ਵੈਲਫੇਅਰ ਕਲੱਬ ਰਾਹੀਂ ਲੋਕਾਂ ਦੇ ਦੁੱਖਾਂ ਦੀ ਦਾਰੂ ਬਣਨ ਦਾ ਬੀੜਾ ਚੁੱਕਣ ਵਾਲੇ ਗੁਰਵਿੰਦਰ ਸ਼ਰਮਾਂ ਦੀ ਕਾਰਜਸ਼ੈਲੀ ਨੂੰ ਦੇਖਦਿਆਂ ਸ਼ਹਿਰ ਦੇ ਦਾਨਵੀਰ ਅਤੇ ਸਮਾਜ ਲਈ ਕੁੱਝ ਕਰ ਗੁਜ਼ਰਨ ਦੀ ਚਾਹਤ ਰੱਖਣ ਵਾਲੇ ਨੌਜਵਾਨ ਉਸ ਦੀਆਂ ਖੱਬੀਆਂ ਸੱਜੀਆਂ ਬਾਹਾਂ ਹਨ। ਉਹ ਕਦੇ ਵਹੀਲ ਚੇਅਰਾਂ ਵੰਡਦਾ ਦਿਖਾਈ ਦਿੰਦਾ ਹੈ ਤੇ ਕਦੀ ਸੱਪ ਫੜਦਾ। ਉਸ ਨੇ ਲੋੜਵੰਦ ਪ੍ਰੀਵਾਰਾਂ ਨੂੰ ਰਾਸ਼ਨ ਵੰਡਣ ਦੀ ਠਾਣੀ ਹੋਈ ਹੈ। ਦੋਸਤਾਂ ਮਿੱਤਰਾਂ ਦੇ ਸਹਿਯੋਗ ਨਾਲ ਉਸ ਨੇ ਗਰੀਬ ਘਰਾਂ ਦੀਆਂ ਲੜਕੀਆਂ ਦੇ ਸਿਰ ਤੇ ਹੱਥ ਰੱਖਿਆ ਤਾਂ ਸਰਦੀ ’ਚ ਗਰਮ ਕੋਟੀਆਂ,ਬੂਟ ਜੁਰਾਬਾਂ ਵੀ ਵੰਡੇ ਹਨ।
ਆਕਸੀਜਨ ਦੀ ਮੁਫ਼ਤ ਸਪਲਾਈ: ਗੁਰਵਿੰਦਰ
ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਇਸ ਵੇਲੇ ਪਹਿਲ ਆਕਸੀਜ਼ਨ ਦੀ ਲੋੜ ਪੂਰੀ ਕਰਨਾ ਹੈ ਜਿਸ ਲਈ ਉਹ ਤੇ ਉਸ ਦੇ ਸਾਥੀ ਜੁਟੇ ਹੋਏ ਹਨ। ਉਸ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਉਸ ਨੇ ਅੱਧੀ ਦਰਜਨ ਤੋਂ ਵੱਧ ਸਿਲੰਡਰ ਵੰਡ ਦਿੱਤੇ ਹਨ ਜਦੋਂਕਿ ਹੋਰ ਇੰਤਜਾਮ ਕਰਨ ਲਈ ਯਤਨ ਜਾਰੀ ਹਨ। ਗੁਰਵਿੰਦਰ ਸ਼ਰਮਾ ਨੇ ਹੋਮ ਆਈਸੋਲੇਟ ਮਰੀਜਾਂ ਦੀਆਂ ਆਕਸੀਜਨ ਸਬੰਧੀ ਜ਼ਰੂਰਤਾਂ ਨੂੰ ਦੇਖਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ ਕਿ ਇੰਨ੍ਹਾਂ ਪੀੜਤਾਂ ਲਈ ਸਰਕਾਰ ਆਪਣੇ ਪੱਧਰ ਤੇ ਆਕਸੀਜ਼ਨ ਦੇ ਸਿਲੰਡਰਾਂ ਅਤੇ ਰੀਫਿਲ ਦਾ ਪ੍ਰਬੰਧ ਕਰੇ। ਉਹ ਆਖਦਾ ਹੈ ਜਦੋਂ ਤੱਕ ਸਾਹ ਵਗਦੇ ਹਨ ਉਹ ਇਸੇ ਰਾਹ ਤੇ ਚੱਲੇਗਾ ਇਹ ਅਲਹਿਦਾ ਹੈ ਕਿ ਡੋਰ ਟੁੱਟਣ ਤੋਂ ਬਾਅਦ ਕਿਸ ਨੇ ਦੇਖਣਾ ਪਤੰਗ ਕਿਸ ਤਰਫ ਜਾਂਦੀ ਹੈ।
ਗੁਰਵਿੰਦਰ ਤੋਂ ਪ੍ਰੇਰਣਾ ਲਏ ਨਵਾਂ ਪੋਚ-ਪਠਾਣੀਆ
ਫਸਟ ਏਡ ਫਸਟ ਟ੍ਰੇਨਰ ਅਤੇ ਸਮਾਜਿਕ ਕਾਰਕੁੰਨ ਨਰੇਸ਼ ਪਠਾਣੀਆ ਦਾ ਕਹਿਣਾ ਸੀ ਕਿ ਜੇਕਰ ਗੁਰਵਿੰਦਰ ਸ਼ਰਮਾ ਦੀ ਤਰਾਂ ਹੋਰ ਵੀ ਲੋਕ ਕਰੋਨਾ ਪੀੜਤਾਂ ਅਤੇ ਦੀਨ ਦੁਖੀਆਂ ਦੀ ਸਹਾਇਤਾ ਦੇਣ ਲਈ ਅੱਗੇ ਆਉਣ ਤਾਂ ਕਈ ਕੀਮਤੀ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਆਖਿਆ ਕਿ ਇਸ ਵੇਲੇ ਜਦੋਂ ਪੂਰਾ ਦੇਸ਼ ਕਰੋਨਾ ਮਹਾਂਮਾਰੀ ਦੇ ਸੰਕਟ ਨਾਲ ਜੂਝ ਰਿਹਾ ਹੈ ਤਾਂ ਸਾਨੂੰ ਸਭਨਾਂ ਨੂੰ ਪੀੜਤਾਂ ਦੀ ਦੇਖ ਰੇਖ ਅਤੇ ਉਨ੍ਹਾਂ ਦੀਆਂ ਜਰੂਰਤਾਂ ਦੀ ਪੂਰਤੀ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦਾ ਫਲਸਫਾ ਹੀ ਮਾਨਵਤਾ ਦੀ ਸੇਵਾ ਵਾਲਾ ਹੈ ਇਸ ਲਈ ਇਸ ਨੌਜਵਾਨ ਦੀ ਜਿੰਨੀਂ ਵੀ ਸ਼ਲਾਘਾ ਕੀਤੀ ਜਾਏ ਘੱਟ ਹੈ । ਉਨ੍ਹਾਂ ਕਿਹਾ ਕਿ ਨਵੇਂ ਪੋਚ ਵੀ ਗੁਰਵਿੰਦਰ ਸ਼ਰਮਾ ਵਰਗੇ ਸਮਾਜ ਸੇਵੀ ਵਿਅਕਤੀਆਂ ਤੋਂ ਪ੍ਰਰੇਣਾ ਲੈਣੀ ਚਾਹੀਦੀ ਹੈ।