ਯਾਦਵਿੰਦਰ ਸਿੰਘ ਤੂਰ
ਲੁਧਿਆਣਾ , 26 ਅਪ੍ਰੈਲ 2021 - ਦੇਸ਼ ਭਰ ਵਿੱਚ ਕੋਰੋਨਾ ਮਹਾਂਮਾਰੀ ਕਰਕੇ ਜਿੱਥੇ ਆਕਸੀਜਨ ਦੀ ਕਿੱਲਤ ਆ ਰਹੀ ਹੈ ਉਥੇ ਹੀ ਲੁਧਿਆਣਾ ਦੀ ਵੱਖ ਵੱਖ ਇੰਡਸਟਰੀ ਵੱਲੋਂ ਲਗਾਤਾਰ ਆਕਸੀਜਨ ਵੱਧ ਤੋਂ ਵੱਧ ਤਿਆਰ ਕੀਤੀ ਜਾ ਰਹੀ ਹੈ। ਲੁਧਿਆਣਾ ਵਿਚ ਹੁਣ ਆਕਸੀਜਨ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਸਿਲੰਡਰਾਂ ਦੀ ਕਿੱਲਤ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਸਿਲੰਡਰ ਨਾ ਮਿਲਣ ਕਰਕੇ ਆਕਸੀਜਨ ਵੇਸਟ ਹੋ ਰਹੀ ਹੈ।
ਲੁਧਿਆਣਾ ਡੀਸੀ ਨੇ ਆਕਸੀਜਨ ਬਣਾਉਣ ਵਾਲੇ ਪਲਾਂਟਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਅਤੇ ਫਿਰ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਆਕਸੀਜਨ ਦੇ ਸਿਲੰਡਰਾਂ ਨੂੰ ਹੋਲਡ ਨਾ ਕੀਤਾ ਜਾਵੇ ।
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਇੰਡਸਟਰੀ ਅਤੇ ਹਸਪਤਾਲਾਂ ਨੂੰ ਇਹ ਅਪੀਲ ਕੀਤੀ ਕਿ ਖਾਲੀ ਸਿਲੰਡਰ ਸਟੋਰ ਨਾ ਕੀਤੇ ਜਾਣ ਇਸ ਤੋਂ ਇਲਾਵਾ ਉਨ੍ਹਾਂ ਇੰਡਸਟਰੀ ਅਤੇ ਖਾਸ ਕਰਕੇ ਉਹ ਹਸਪਤਾਲ ਜਿਥੇ ਕੋਰੋਨਾ ਮਹਾਂਮਾਰੀ ਦਾ ਇਲਾਜ ਨਹੀਂ ਹੋ ਰਿਹਾ, ਉਨ੍ਹਾਂ ਨੂੰ ਹੁਕਮ ਜਾਰੀ ਕੀਤੇ ਕਿ ਉਹ ਕਿਸੇ ਵੀ ਤਰ੍ਹਾਂ ਦੇ ਆਕਸੀਜਨ ਦੇ ਭਰੇ ਜਾਂ ਖਾਲੀ ਸਿਲੰਡਰ ਸਟੋਰ ਨਹੀਂ ਕਰਨਗੇ ਅਤੇ ਜੇਕਰ ਅਜਿਹਾ ਕੀਤਾ ਗਿਆ ਤਾਂ ਫੜੇ ਜਾਣ ਤੇ ਉਨ੍ਹਾਂ ਤੇ ਸਖਤ ਕਾਰਵਾਈ ਹੋਵੇਗੀ।