ਬਾਬਾ ਫਰੀਦ ਗਰੁੱਪ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੇ ਵੈਕਸੀਨ ਲਵਾਈ
ਅਸ਼ੋਕ ਵਰਮਾ
ਬਠਿੰਡਾ, 25 ਅਪਰੈਲ2021: ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਚਲਾਈ ਜਾ ਰਹੀ ਕੋਵਿਡ-19 ਟੀਕਾਕਰਨ ਮੁਹਿੰਮ ਤਹਿਤ ਬੀ.ਐਫ.ਜੀ.ਆਈ. ਵਿਖੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇੱਕ ਟੀਕਾਕਰਨ ਕੈਂਪ ਲਗਾਇਆ ਗਿਆ। ਜਿਸ ਵਿੱਚ ਸੰਸਥਾ ਦੇ ਲਗਭਗ 170 ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਮੈਂਬਰਾਂ ਨੂੰ ਮੁਫ਼ਤ ਵੈਕਸੀਨ ਲਗਾਈ ਗਈ । ਇਸ ਕੈਂਪ ਵਿੱਚ ਸਿਵਲ ਸਰਜਨ, ਬਠਿੰਡਾ ਅਤੇ ਐਸ.ਐਮ.ਓ. ਗੋਨਿਆਣਾ ਅਤੇ ਉਨ੍ਹਾਂ ਦੀ ਮੈਡੀਕਲ ਟੀਮ ਨੇ ਪਹਿਚਾਣ ਪੱਤਰ ਦੇ ਆਧਾਰ ’ਤੇ ਟੀਕਾ ਲਗਵਾਉਣ ਵਾਲਿਆਂ ਦੀ ਮੁੱਢਲੀ ਸਰੀਰਕ ਜਾਂਚ ਤੋਂ ਬਾਅਦ ਮੁਫ਼ਤ ਵੈਕਸੀਨ ਲਗਾਈ ਅਤੇ ਹਰ ਇੱਕ ਦਾ ਬਕਾਇਦਾ ਨਾਂ ਦਰਜ ਕੀਤਾ।
ਇਸ ਕੈਂਪ ਨੂੰ ਮਿਲੇ ਹੁੰਗਾਰੇ ਤੋਂ ਉਤਸ਼ਾਹਿਤ ਹੋ ਕੇ ਡਾ. ਅਮਿਤ ਗੋਇਲ, ਐਸ.ਐਮ.ਓ. ਗੋਨਿਆਣਾ ਨੇ ਕਿਹਾ ਕਿ ਜਲਦੀ ਹੀ ਅਜਿਹਾ ਇੱਕ ਹੋਰ ਕੈਂਪ ਬਾਬਾ ਫ਼ਰੀਦ ਕੈਂਪਸ ਲਗਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲਗਵਾਉਣ ਤੋਂ ਬਾਅਦ ਦੂਸਰਾ ਟੀਕਾ ਲਗਵਾਉਣਾ ਅਤਿ ਜ਼ਰੂਰੀ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਕੈਂਪ ਦੀ ਪ੍ਰਸੰਸਾ ਕਰਦਿਆਂ ਟੀਕਾ ਲਗਵਾਉਣ ਵਾਲੇ ਸਮੂਹ ਸਟਾਫ਼ ਮੈਂਬਰਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਸੰਸਥਾ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਦਿਆਂ ਇਹ ਕੈਂਪ ਲਾਇਆ ਤਾਂ ਜੋ ਸੰਸਥਾ ਦੇ ਕਰਮਚਾਰੀਆਂ ਦਾ ਕੋਰੋਨਾ ਮਹਾਂਮਾਰੀ ਤੋਂ ਬਚਾਅ ਹੋ ਸਕੇ।
ਉਨ੍ਹਾਂ ਕਿਹਾ ਕਿ ਇਸ ਵੈਕਸੀਨ ਨਾਲ ਕੋਰੋਨਾ ਦਾ ਖ਼ਤਰਾ ਘੱਟ ਜਾਂਦਾ ਹੈ ਇਸ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਹਰ ਇੱਕ ਨੂੰ ਇਹ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਕੈਂਪ ਲਈ ਸਹਿਯੋਗ ਦੇਣ ਲਈ ਡਾ. ਅਮਿਤ ਗੋਇਲ, ਐਸ.ਐਮ.ਓ. ਗੋਨਿਆਣਾ ਮੰਡੀ ਅਤੇ ਸਿਵਲ ਸਰਜਨ, ਜ਼ਿਲ੍ਹਾ ਬਠਿੰਡਾ ਦਾ ਧੰਨਵਾਦ ਕੀਤਾ । ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ ਅਤੇ ਡਿਪਟੀ ਡਾਇਰੈਕਟਰ (ਸਹੂਲਤ ਪ੍ਰਬੰਧਨ) ਸ. ਹਰਪਾਲ ਸਿੰਘ ਨੇ ਇਸ ਕੈਂਪ ਦੌਰਾਨ ਸੁਚੱਜੇ ਢੰਗ ਨਾਲ ਟੀਕਾਕਰਨ ਮੁਹਿੰਮ ਚਲਾਉਣ ਲਈ ਸਮੁੱਚੀ ਮੈਡੀਕਲ ਟੀਮ ਦਾ ਧੰਨਵਾਦ ਕੀਤਾ।