ਕੋਰੋਨਾ ਮਹਾਂਮਾਰੀ ਦੋਰਾਨ ਮਲੇਰੀਆ ਨੂੰ ਨਾ ਕਰੋ ਨਜਰਅੰਦਾਜ - ਸਿਵਲ ਸਰਜਨ ਰੂਪਨਗਰ
ਹਰੀਸ਼ ਕਾਲੜਾ
ਰੂਪਨਗਰ 25 ਅਪ੍ਰੈਲ 2021 - ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਢਾਂਡਾ ਵੱਲੋਂ ਵਿਸ਼ਵ ਮਲੇਰੀਆ ਦਿਵਸ ਮੋਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਮਲੇਰੀਆ ਦਿਵਸ ਹਰ ਸਾਲ 25 ਅਪ੍ਰੈਲ ਨੂੰ ਪੂਰੇ ਸੰਸਾਰ ਵਿੱਚ ਮਲੇਰੀਏ ਦੇ ਖਾਤਮੇ ਤੇ ਬਚਾਅ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਰੂਪਨਗਰ ਜਿਲ੍ਹੇ ਵਿੱਚ ਮਲੇਰੀਏ ਦੇ ਕੇਸ ਬਹੁਤ ਘੱਟ ਹੁੰਦੇ ਹਨ ਪ੍ਰੰਤੂ ਇਸ ਬਿਮਾਰੀ ਨੂੰ ਪੂਰਨ ਤੌਰ ਤੇ ਖਤਮ ਕਰਨ ਲਈ ਜਾਗਰੂਕ ਹੋਣ ਦੀ ਜ਼ਰੂਰਤ ਹੈ, ਵਿਸ਼ਵ ਸਿਹਤ ਸੰਗਠਨ ਵੱਲੋਂ 2016 ਤੋਂ 2021 ਤੱਕ ਮਲੇਰੀਏ ਦੇ ਖਾਤਮੇ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸਾਨੂੰ ਸੱਭ ਨੂੰ ਮਲੇਰੀਏ ਤੇ ਕਾਬੂ ਪਾਉਣ ਹਿੱਤ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਖਾਸ ਕਰਕੇ ਕੋਰਨਾ ਮਹਾਂਮਾਰੀ ਦੇ ਦੋਰ ਵਿੱਚ ਸਾਨੂੰ ਮਲੇਰੀਆ ਨੂੰ ਨਜਰ ਅੰਦਾਜ ਨਹੀਂ ਕਰਨਾ ਚਾਹੀਦਾ।
ਉਹਨਾਂ ਨੇ ਮਲੇਰੀਆ ਬੁਖਾਰ ਦੇ ਲੱਛਣ, ਬਚਾਅ ਤੇ ਇਲਾਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨਫਲੀਜ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਹ ਮੱਛਰ ਸਾਫ ਅਤੇ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਰਾਤ ਤੇ ਸਵੇਰੇ ਵੇਲੇ ਨੂੰ ਕੱਟਦਾ ਹੈ। ਠੰਡ ਅਤੇ ਕਾਂਬੇ ਨਾਲ ਬੁਖਾਰ ਚੜ੍ਹਨਾ, ਤੇਜ਼ ਬੁਖਾਰ ਅਤੇ ਸਿਰਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜੋਰੀ ਹੋਣਾ ਆਦਿ ਮਲੇਰੀਆ ਬੁਖਾਰ ਦੇ ਲੱਛਣ ਹੋ ਸਕਦੇ ਹਨ, ਇਸ ਬਿਮਾਰੀ ਤੋਂ ਬਚਣ ਲਈ ਸਾਨੂੰ ਸਾਫ-ਸਫਾਈ ਰੱਖਣੀ ਚਾਹੀਦੀ ਹੈ, ਕਿਤੇ ਵੀ ਪਾਣੀ ਨਹੀਂ ਖੜਾ ਹੋਣ ਦੇਣਾ ਚਾਹੀਦਾ, ਸੌਣ ਵੇਲੇ ਮੱਛਰਦਾਨੀ ਤੇ ਮੱਛਰ ਭਜਾਉਣ ਵਾਲੀ ਕਰੀਮਾਂ ਤੇ ਮਸ਼ੀਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਤੇ ਛੱਪੜਾਂ ਵਿੱਚ ਖੜ੍ਹੇ ਪਾਣੀ ਤੇ ਕਾਲੇ ਤੇਲ ਦਾ ਛਿੜਕਾਅ ਕਰਨਾ ਚਾਹੀਦਾ ਹੈ।ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਮਲੇਰੀਆ ਬੁਖਾਰ ਦੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਮਲੇਰੀਆ ਦਾ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਹਰ ਸ਼ੁੱਕਰਵਾਰ ਨੂੰ ਡ੍ਰਾਈ ਡੇਅ ਦੇ ਤੋਰ ਤੇ ਮਨਾਉਣਾ ਚਾਹੀਦਾ ਹੈ ਅਤੇ ਘਰਾਂ ਦੇ ਕੂਲਰ, ਗਮਲੇ ਅਤੇ ਫਰਿੱਜਾਂ ਦੀਆਂ ਟਰੇਆਂ ਨੂੰ ਖਾਲੀ ਕਰਕੇ ਸੁਕਾਉਣਾਂ ਚਾਹੀਦਾ ਹੈ।