ਡੀ ਸੀ ਮੋਗਾ ਵੱਲੋਂ ਸੈਂਪਲਿੰਗ ਅਤੇ ਟੀਕਾਕਰਨ ਵਧਾਉਣ ਦੀ ਹਦਾਇਤ
ਗੁਰਪ੍ਰੀਤ ਸਿੰਘ ਮੰਡਿਆਣੀ
- ਕਰੋਨਾ ਰੋਕਥਾਮ ਦੀ ਡਿਊਟੀ ਤੋਂ ਆਨਾਕਾਨੀ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਨ ਬਾਰੇ ਕਿਹਾ
- ਹੋਮ ਆਈਸੋਲੇਸ਼ਨ ਦੀ ਉਲੰਘਣਾ ਰੋਕਣ ਲਈ ਵਿਸ਼ੇਸ਼ ਨਿਗਰਾਨ ਟੀਮਾਂ ਦਾ ਗਠਨ ਕਰਨ ਦੇ ਆਦੇਸ਼
ਮੋਗਾ, 25 ਅਪ੍ਰੈਲ 2021-ਪੰਜਾਬ ਸਰਕਾਰ ਵੱਲੋਂ ਤਾਇਨਾਤ ਕੀਤੇ ਗਏ ਨਵੇਂ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਾਇਰ ਨੇ ਅੱਜ ਅਹੁਦਾ ਸੰਭਾਲਣ ਉਪਰੰਤ ਜ਼ਿਲ੍ਹਾ ਮੋਗਾ ਦੇ ਚੁਣਵੇਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਮੀਖਿਆ ਕੀਤੀ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਉੱਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਸ਼੍ਰੀ ਨਾਇਰ ਨੇ ਕਿਹਾ ਕਿ ਅੱਜ ਲੋੜ੍ਹ ਹੈ ਕਿ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ
ਸੈਂਪਲਿੰਗ ਅਤੇ ਟੀਕਾਕਰਨ ਦੀ ਰਫ਼ਤਾਰ ਵਿੱਚ ਵਾਧਾ ਕੀਤਾ ਜਾਵੇ।
ਉਹਨਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਸੈਂਪਲਿੰਗ ਦਾ ਰੋਜ਼ਾਨਾ ਟੀਚਾ 600 ਤੋਂ ਵਧਾ ਕੇ 3000 ਕੀਤਾ ਜਾਵੇ ਅਤੇ ਰੋਜ਼ਾਨਾ ਟੀਕਾਕਰਨ ਵੀ 8000 ਤੋਂ ਵਧਾਇਆ ਜਾਵੇ।
ਉਹਨਾਂ ਕਿਹਾ ਕਿ ਲੋਕਾਂ ਨੂੰ ਸੈਂਪਲਿੰਗ ਅਤੇ ਟੀਕਾਕਰਨ ਲਈ ਉਤਸ਼ਾਹਿਤ ਕਰਨ ਲਈ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ, ਧਾਰਮਿਕ ਸਖਸ਼ੀਅਤਾਂ ਅਤੇ ਸਮਾਜ ਵਿੱਚ ਵਧੀਆ ਅਕਸ ਰੱਖਣ ਵਾਲੀਆਂ ਸਖਸ਼ੀਅਤਾਂ ਦਾ ਸਹਿਯੋਗ ਲਿਆ ਜਾਵੇ। ਉਹਨਾਂ ਕਰੋਨਾ ਰੋਕਥਾਮ ਦੀ ਡਿਊਟੀ ਤੋਂ ਆਨਾਕਾਨੀ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਨ ਬਾਰੇ ਵੀ ਆਦੇਸ਼ ਦਿੱਤੇ।
ਉਹਨਾਂ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਜਿਹੜੇ ਮਰੀਜ਼ ਘਰਾਂ ਵਿੱਚ ਇਕਾਂਤਵਾਸ ਹੁੰਦੇ ਹਨ ਉਹ ਹੋਮ ਆਈਸੋਲੇਸ਼ਨ ਦੀ ਬਹੁਤ ਉਲੰਘਣਾ ਕਰਦੇ ਹਨ, ਜਿਸ ਨੂੰ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੀਤਾ ਦਰਸ਼ੀ ਨੂੰ ਹੋਰ ਸਖਤੀ ਵਰਤਣ ਦੇ ਆਦੇਸ਼ ਦਿੱਤੇ। ਇਸ ਲਈ ਵਿਸ਼ੇਸ਼ ਨਿਗਰਾਨ ਟੀਮਾਂ ਦਾ ਗਠਨ ਕਰਨ ਬਾਰੇ ਵੀ ਕਿਹਾ ਗਿਆ। ਉਹਨਾਂ ਕਿਹਾ ਕਿ ਆਕਸੀਜਨ ਦੀ ਕਮੀ ਅਤੇ ਹੋਰ ਮੈਡੀਕਲ ਸਹਾਇਤਾ ਲਈ 104 ਹੇਲਪਲਾਈਨ ਨੂੰ ਲਗਾਤਾਰ ਚਾਲੂ ਰੱਖਿਆ ਜਾਵੇ।
ਉਹਨਾਂ ਕਿਹਾ ਕਿ ਰਾਤ ਦੀ ਤਾਲਾਬੰਦੀ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਜ਼ਿਲ੍ਹਾ ਮੋਗਾ ਦੇ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਸਫ਼ਲ ਬਣਾਉਣ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ।