ਮਾਲਵਾ ਖਿੱਤੇ ਦੇ ਜ਼ਿਲ੍ਹਿਆਂ ਲਈ 147 ਆਕਸੀਜਨ ਕੰਸਨਟ੍ਰੇਟਰਜ਼ ਦਿੱਤੇ : ਮੁੱਖ ਸਕੱਤਰ
• ਸਿਹਤ ਵਿਭਾਗ ਨੂੰ ਆਕਸੀਜਨ ਦੀ ਲੋੜ ਸਬੰਧੀ 104 ਹੈਲਪਲਾਈਨ ਵਰਤਣ ਦੇ ਨਿਰਦੇਸ਼
• ਮਾਈਕ੍ਰੋ-ਕੰਟੇਨਮੈਂਟ ਜ਼ੋਨਾਂ ਵਿੱਚ 100 ਫੀਸਦ ਟੈਸਟਿੰਗ ਯਕੀਨੀ ਬਣਾਈ ਜਾਵੇ
• ਆਕਸੀਜਨ ਦੀ ਜ਼ਖ਼ੀਰੇਬਾਜ਼ੀ ਤੇ ਸਪਲਾਈ ਵਿੱਚ ਕੁਤਾਹੀ ਕਰਨ ਖ਼ਿਲਾਫ਼ ਸਖ਼ਤ ਚਿਤਾਵਨੀ
ਚੰਡੀਗੜ੍ਹ, 25 ਅਪ੍ਰੈਲ 2021 - ਕੋਵਿਡ ਦੇ ਮਰੀਜ਼ਾਂ ਲਈ ਆਕਸੀਜਨ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਮਾਲਵਾ ਖਿੱਤੇ ਦੇ ਸਭ ਤੋਂ ਵੱਧ ਕੋਵਿਡ ਕੇਸਾਂ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਨੂੰ 147 ਆਕਸੀਜਨ ਕੰਸਨਟ੍ਰੇਟਰਜ਼ ਮੁਹੱਈਆ ਕਰਵਾਏ ਗਏ ਹਨ।
ਕੋਵਿਡ ਕੇਸਾਂ ਦੀ ਮੌਜੂਦਾ ਸਥਿਤੀ ਅਤੇ ਮੈਡੀਕਲ ਆਕਸੀਜਨ ਦੀ ਸਪਲਾਈ ਦਾ ਜਾਇਜ਼ਾ ਲੈਣ ਸਬੰਧੀ ਸ਼ਨਿੱਚਰਵਾਰ ਸ਼ਾਮ ਨੂੰ ਇਥੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਇਹ ਜਾਣਕਾਰੀ ਸਾਂਝੀ ਕੀਤੀ।
ਹਰੇਕ ਕੋਵਿਡ ਮਰੀਜ਼ ਦੇ ਸਹੀ ਇਲਾਜ ਅਤੇ ਬਿਹਤਰੀਨ ਦੇਖਭਾਲ ਅਤੇ ਕੋਵਿਡ ਦੀ ਦੂਜੀ ਲਹਿਰ ਨੂੰ ਸਫਲਤਾਪੂਰਵਕ ਮਾਤ ਦੇਣ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਸਕੱਤਰ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਮਾਈਕ੍ਰੋ-ਕੰਟੇਨਮੈਂਟ ਜੋ਼ਨਾਂ ਵਿੱਚ 100 ਫੀਸਦੀ ਟੈਸਟਿੰਗ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿਉਂਕਿ ਕੋਵਿਡ ਦਾ ਜਲਦੀ ਪਤਾ ਲਗਾ ਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਮੁੱਖ ਸਕੱਤਰ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਸੂਬੇ ਵਿੱਚ ਆਕਸੀਜਨ ਦੀ ਲੋੜ ਸਬੰਧੀ 104 ਹੈਲਪਲਾਈਨ ਨੂੰ 24 ਘੰਟੇ ਕਾਰਜਸ਼ੀਲ ਬਣਾਇਆ ਜਾਵੇ।
ਉਨ੍ਹਾਂ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਸਿਹਤ ਸਬੰਧੀ ਸੰਕਟਕਾਲੀ ਸਥਿਤੀਆਂ ਨਾਲ ਨਜਿੱਠਣ ਲਈ ਸਾਰੇ ਗ਼ੈਰ-ਜ਼ਰੂਰੀ ਆਪ੍ਰੇਸ਼ਨ ਅਤੇ ਆਕਸੀਜਨ ਦੀ ਖਪਤ ਕਰਨ ਵਾਲੀਆਂ ਹੋਰ ਸਨਅਤੀ ਗਤੀਵਿਧੀਆਂ ਨੂੰ ਤੁਰੰਤ ਰੋਕਿਆ ਜਾਵੇ।
ਮਾਲਵਾ ਖਿੱਤੇ ਦੇ ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਅਤੇ ਵੱਖ ਵੱਖ ਵਿਭਾਗਾਂ ਦੇ ਪ੍ਰਸ਼ਾਸਕੀ ਸਕੱਤਰਾਂ ਨਾਲ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਸ੍ਰੀਮਤੀ ਮਹਾਜਨ ਨੇ ਸਿਹਤ ਸਹੂਲਤਾਂ ਲਈ ਮੈਡੀਕਲ ਆਕਸੀਜਨ ਦੀ ਸਪਲਾਈ ਨੂੰ ਹੋਰ ਬਿਹਤਰ ਬਣਾਉਣ ਦੇ ਆਦੇਸ਼ ਦਿੱਤੇ। ਉਹਨਾਂ ਮੈਡੀਕਲ ਆਕਸੀਜਨ ਦੀ ਜ਼ਖ਼ੀਰੇਬਾਜ਼ੀ ਅਤੇ ਸਪਲਾਈ ਵਿੱਚ ਕੁਤਾਹੀ ਕਰਨ ਵਿਰੁੱਧ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਕਿਸਮ ਦੀ ਕੋਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ੍ਰੀਮਤੀ ਮਹਾਜਨ ਨੇ ਪ੍ਰਤੀ ਦਿਨ 50,000 ਤੋਂ ਵੱਧ ਕੋਵਿਡ ਟੈਸਟਿੰਗ ਕਰਨ ਦੀ ਰਫਤਾਰ ’ਤੇ ਤਸੱਲੀ ਜ਼ਾਹਿਰ ਕਰਦਿਆਂ ਸਿਹਤ ਵਿਭਾਗ ਨੂੰ ਕਿਹਾ ਕਿ ਆਰ.ਟੀ.ਪੀ.ਸੀ.ਆਰ ਟੈਸਟਿੰਗ ਦੀ ਗਤੀ ਨੂੰ ਜਾਰੀ ਰੱਖਿਆ ਜਾਵੇ ਅਤੇ ਆਰ.ਏ.ਟੀ ਟੈਸਟਿੰਗ ਨੂੰ ਹੋਰ ਵਧਾਇਆ ਜਾਵੇ ਅਤੇ ਘਰ ਵਿੱਚ ਇਕਾਂਤਵਾਸ ਵਾਲੇ ਮਰੀਜ਼ਾਂ ਦੀ ਸਖਤ ਨਿਗਰਾਨੀ ਕੀਤੀ ਜਾਵੇ।
ਉਨ੍ਹਾਂ ਹੋਰ ਆਦੇਸ਼ ਦਿੰਦਿਆਂ ਕਿਹਾ ਕਿ ਕੋਵਿਡ ਦੇ ਮਰੀਜ਼ਾਂ ਲਈ ਰਾਖਵੀਂਆਂ ਰੱਖੀਆਂ ਸਾਰੀਆਂ ਐਂਬੂਲੈਂਸਾਂ ਆਕਸੀਜਨ ਸਿਲੰਡਰਾਂ ਨਾਲ ਲੈਸ ਹੋਣੀਆਂ ਚਾਹੀਦੀਆਂ ਹਨ ਅਤੇ ਪੈਰਾ-ਮੈਡੀਕਲ ਸਟਾਫ ਨੂੰ ਲਾਜ਼ਮੀ ਤੌਰ ‘ਤੇ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਵਾਇਰਸ ਤੋਂ ਇਨਫੈਕਟਡ ਵਿਅਕਤੀਆਂ ਨੂੰ ਐਮਰਜੈਂਸੀ ਸਪੋਰਟ ਵਹੀਕਲ ਰਾਹੀਂ ਬਿਹਤਰੀਨ ਦੇਖਭਾਲ ਯਕੀਨੀ ਬਣਾਈ ਜਾ ਸਕੇ।
ਟੀਕਾਕਰਣ ਮੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਮੁਹਾਲੀ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਦੀ ਸ਼ਲਾਘਾ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਵਾਇਰਸ ਖਿਲਾਫ ਲੜਾਈ ਸਿਰਫ ਟੀਕਾ ਲਗਵਾ ਕੇ ਅਤੇ ਕੋਵਿਡ ਖ਼ਿਲਾਫ਼ ਢੁਕਵੇਂ ਵਿਵਹਾਰ ਨਾਲ ਹੀ ਜਿੱਤੀ ਜਾ ਸਕਦੀ ਹੈ। ਇਸ ਲਈ ਸਾਰਿਆਂ ਨੂੰ ਇਨ੍ਹਾਂ ਉਪਾਵਾਂ 'ਤੇ ਡਟੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਨੂੰ ਹਰਾਉਣ ਲਈ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਟੀਕਾਕਰਣ ਮੁਹਿੰਮ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ।
ਪ੍ਰਮੁੱਖ ਸਕੱਤਰ ਸਿਹਤ ਸ੍ਰੀ ਹੁਸਨ ਲਾਲ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਰਾਜ ਵਿੱਚ ਰੈਮਡੇਸਿਵਿਰ ਅਤੇ ਹੋਰ ਲੋੜੀਂਦੀਆਂ ਦਵਾਈਆਂ ਦਾ ਢੁਕਵਾਂ ਪ੍ਰਬੰਧ ਹੈ। ਸਿਹਤ ਵਿਭਾਗ ਕੋਰੋਨਾਵਾਇਰਸ ਵਿਰੁੱਧ ਜੰਗ ਵਿੱਚ ਦਿਨ-ਰਾਤ ਮਿਹਨਤ ਕਰ ਰਿਹਾ ਹੈ।
ਲੋਕਾਂ ਨੂੰ ਮਾਸਕ ਪਹਿਨਣ ਅਤੇ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ ਸਬੰਧੀ ਸਾਰੇ ਨਿਯਮਾਂ ਦੀ ਪਾਲਣਾ ਦੀ ਅਪੀਲ ਕਰਦਿਆਂ ਮੁੱਖ ਸਕੱਤਰ ਨੇ ਪੁਲਿਸ ਅਤੇ ਹੋਰਨਾਂ ਵਿਭਾਗਾਂ ਨੂੰ ਕਿਹਾ ਕਿ ਉਹ ਵਿਆਹ, ਜਨਤਕ ਇਕੱਠਾਂ ਅਤੇ ਵਾਇਰਸ ਦੇ ਫੈਲਾਅ ਦੀ ਵੱਧ ਸੰਭਾਵਨਾਂ ਵਾਲੇ ਹੋਰ ਸਮਾਗਮਾਂ ਬਾਰੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸਥਿਤੀ ਨੂੰ ਹੋਰ ਵਿਗੜਣ ਤੋਂ ਬਚਾਇਆ ਜਾ ਸਕੇ।
ਮੀਟਿੰਗ ਵਿਚ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਆਲੋਕ ਸ਼ੇਖਰ, ਪ੍ਰਮੁੱਖ ਸਕੱਤਰ (ਮੈਡੀਕਲ ਸਿੱਖਿਆ ਅਤੇ ਖੋਜ) ਸ੍ਰੀ ਡੀ.ਕੇ. ਤਿਵਾੜੀ, ਸਿਹਤ ਸਲਾਹਕਾਰ ਡਾ.ਕੇ.ਕੇ. ਤਲਵਾੜ, ਬਾਬਾ ਫਰੀਦ ਯੂਨੀਵਰਸਿਟੀ ਫਾਰ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਡਾ.ਰਾਜ ਬਹਾਦਰ ਅਤੇ ਸਬੰਧਤ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਆਕਸੀਜ਼ਨ ਦੀ ਸਪਲਾਈ, ਖ਼ਰੀਦ ਸਬੰਧੀ ਸਮੀਖਿਆ
ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸੂਬੇ ਵਿੱਚ ਮੈਡੀਕਲ ਆਕਸੀਜਨ ਦੀ ਸਪਲਾਈ ਅਤੇ ਖਰੀਦ ਦੀ ਸਮੀਖਿਆ ਕਰਨ ਲਈ ਸਰਕਾਰੀ ਅਮਲੇ ਨਾਲ ਇਕ ਵੱਖਰੀ ਐਮਰਜੈਂਸੀ ਮੀਟਿੰਗ ਵੀ ਕੀਤੀ। ਉਹਨਾਂ ਸਬੰਧਤ ਉੱਚ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਉਪਲਬਧ ਆਕਸੀਜਨ ਭੰਡਾਰਾਂ ਦੀ ਸਰਬੋਤਮ ਤੇ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਪੰਜਾਬ ਵਿੱਚ ਹੋਰਨਾਂ ਰਾਜਾਂ ਤੋਂ ਆਏ ਗੰਭੀਰ ਸਥਿਤੀ ਵਾਲੇ ਮਰੀਜ਼ਾਂ ਤੋਂ ਬਾਅਦ ਅਚਾਨਕ ਆਕਸੀਜਨ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਕੇਂਦਰ ਅਤੇ ਹੋਰ ਰਾਜਾਂ / ਏਜੰਸੀਆਂ ਨਾਲ ਵਾਧੂ ਸਪਲਾਈ ਖਰੀਦਣ ਲਈ ਫਾਲੋ-ਅਪ ਕਾਰਵਾਈ ਜਾਰੀ ਰੱਖਣ।