ਹਰਜਿੰਦਰ ਸਿੰਘ ਭੱਟੀ
- ਪੀ.ਐਚ.ਸੀ. ਬੂਥਗੜ੍ਹ ਵਿਖੇ ਮਨਾਇਆ ਗਿਆ ਵਿਸ਼ਵ ਮਲੇਰੀਆ ਦਿਵਸ
ਐਸ ਏ ਐਸ ਨਗਰ/ਬੂਥਗੜ੍ਹ, 24 ਅਪ੍ਰੈਲ 2021 - ਹਰ ਸਾਲ 25 ਅਪ੍ਰੈਲ ਨੂੰ ਮਨਾਏ ਜਾਂਦੇ ਵਿਸ਼ਵ ਮਲੇਰੀਆ ਦਿਵਸ ਦੇ ਸਬੰਧ ਵਿਚ ਅੱਜ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਅਤੇ ਇਸ ਨਾਲ ਸਬੰਧਤ ਸਿਹਤ ਕੇਂਦਰਾਂ ਵਿਚ ਲੋਕਾਂ ਨੂੰ ਮਲੇਰੀਆ ਬੁਖ਼ਾਰ ਦੇ ਲੱਛਣਾਂ, ਕਾਰਨਾਂ, ਇਲਾਜ ਅਤੇ ਬਚਾਅ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ ਗਈ। ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਕਿਰਨਦੀਪ ਕੌਰ ਨੇ ਅਪਣੇ ਸੰਬੋਧਨ ਵਿਚ ਆਖਿਆ ਕਿ ਅੱਜ ਜਦੋਂ ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਚੱਲ ਰਹੀ ਹੈ ਤਾਂ ਮਲੇਰੀਆ ਜਿਹੀ ਮਾਰੂ ਬੀਮਾਰੀ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਮਲੇਰੀਆ ਵੀ ਕੋਰੋਨਾ ਵਾਇਰਸ ਵਾਂਗ ਹੀ ਘਾਤਕ ਬੀਮਾਰੀ ਹੈ ਅਤੇ ਇਸ ਤੋਂ ਬਚਣ ਦਾ ਤਰੀਕਾ ਜ਼ਰੂਰੀ ਸਾਵਧਾਨੀਆਂ ਵਰਤਣਾ ਹੈ। ਉਨ੍ਹਾਂ ਕਿਹਾ ਕਿ ਮਲੇਰੀਆ ਦੀ ਰੋਕਥਾਮ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਵਿਸ਼ਵ ਮਲੇਰੀਆ ਦਿਵਸ ਮਨਾਉਣ ਦਾ ਮਕਸਦ ਇਸ ਮਾਰੂ ਬੀਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਕਿ ਉਹ ਇਸ ਬੀਮਾਰੀ ਦੀ ਲਪੇਟ ਵਿਚ ਨਾ ਆ ਸਕਣ।
ਐਸ.ਐਮ.ਓ ਨੇ ਦਸਿਆ ਕਿ ਸਿਹਤ ਵਿਭਾਗ ਦੇ ਸੁਹਿਰਦ ਯਤਨਾਂ ਅਤੇ ਲੋਕਾਂ ਦੇ ਸਹਿਯੋਗ ਸਦਕਾ ਪੰਜਾਬ ਵਿਚ ਮਲੇਰੀਆ ਦੀ ਬੀਮਾਰੀ ’ਤੇ ਕਾਫ਼ੀ ਹੱਦ ਤਕ ਕਾਬੂ ਪਾਇਆ ਜਾ ਚੁੱਕਾ ਹੈ। ਉਨ੍ਹਾਂ ਦਸਿਆ ਕਿ ਮਲੇਰੀਆ ਗੰਭੀਰ ਕਿਸਮ ਦਾ ਬੁਖਾਰ ਹੈ ਜੋ ਮਾਦਾ ਐਨਾਫ਼ਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਬੁਖ਼ਾਰ ਫੈਲਾਉਣ ਵਾਲਾ ਮੱਛਰ ਬਰਸਾਤ ਦੇ ਮੌਸਮ ਵਿਚ ਵਧਦਾ-ਫੁਲਦਾ ਹੈ। ਮਲੇਰੀਆ ਬਾਰੇ ਜਾਗਰੂਕਤਾ ਅਤੇ ਸਾਵਧਾਨੀਆਂ ਇਸ ਗੰਭੀਰ ਬੁਖ਼ਾਰ ਤੋਂ ਬਚਾਅ ਕਰ ਸਕਦੀਆ ਹਨ। ਇਸ ਬੁਖ਼ਾਰ ਦੀ ਜਾਂਚ ਤੇ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿਚ ਬਿਲਕੁਲ ਮੁਫ਼ਤ ਹੁੰਦਾ ਹੈ।
ਉਨ੍ਹਾਂ ਦਸਿਆ ਕਿ ਠੰਢ ਅਤੇ ਕਾਂਬੇ ਨਾਲ ਰੋਜ਼ਾਨਾ ਜਾਂ ਤੀਜੇ ਦਿਨ ਬੁਖ਼ਾਰ ਹੋਣਾ, ਉਲਟੀਆਂ ਤੇ ਸਿਰਦਰਦ ਹੋਣਾ, ਬੁਖ਼ਾਰ ਉਤਰਨ ਮਗਰੋਂ ਥਕਾਵਟ ਤੇ ਕਮਜ਼ੋਰੀ ਹੋਣਾ, ਬੁਖ਼ਾਰ ਉਤਰਨ ’ਤੇ ਸਰੀਰ ਦਾ ਪਸੀਨੋ-ਪਸੀਨੀ ਹੋਣਾ ਆਦਿ ਮਲੇਰੀਆ ਦੇ ਮੁੱਖ ਲੱਛਣ ਹਨ। ਉਨ੍ਹਾਂ ਕਿਹਾ ਕਿ ਬੁਖ਼ਾਰ ਹੋਣ ’ਤੇ ਤੁਰੰਤ ਨੇੜਲੀ ਡਿਸਪੈਂਸਰੀ ਜਾਂ ਹਸਪਤਾਲ ਵਿਚ ਜਾ ਕੇ ਸਬੰਧਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਖ਼ੂਨ ਦੀ ਜਾਂਚ ਕਰਵਾਉਣ ’ਤੇ ਮਲੇਰੀਆ ਹੋਣ ਜਾਂ ਨਾ ਹੋਣ ਬਾਰੇ ਪਤਾ ਲੱਗ ਜਾਂਦਾ ਹੈ। ਜੇ ਮਲੇਰੀਆ ਨਿਕਲਦਾ ਹੈ ਤਾਂ ਇਸ ਦਾ ਇਲਾਜ ਸੰਭਵ ਹੈ। ਉਨ੍ਹਾਂ ਦਸਿਆ ਕਿ ਪਾਣੀ ਕਿਸੇ ਵੀ ਥਾਂ ਇਕੱਠਾ ਨਾ ਹੋਣ ਦਿਤਾ ਜਾਵੇ।
ਇਕੱਠੇ ਹੋਏ ਪਾਣੀ ਵਿਚ ਕਾਲਾ ਤੇਲ ਪਾਇਆ ਜਾਵੇ ਅਤੇ ਛੱਤ ’ਤੇ ਲੱਗੀਆਂ ਪਾਣੀਆਂ ਦੀਆਂ ਟੈਂਕੀਆਂ ਨੂੰ ਢੱਕ ਕੇ ਰਖਿਆ ਜਾਵੇ। ਅਜਿਹੇ ਕਪੜੇ ਪਾਓ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਤਾਕਿ ਮੱਛਰ ਨਾ ਕੱਟੇ। ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਦੀ ਵਰਤੋਂ ਕਰੋ। ਇਸ ਮੌਕੇ ਡਾ. ਹਰਮਨ ਮਾਹਲ, ਡਾ. ਅਰੁਣ ਬਾਂਸਲ, ਡਾ. ਸ਼ੁਭਮ ਸਰੋਆ, ਡਾ. ਸਿਮਨਜੀਤ ਕੌਰ, ਹੈਲਥ ਇੰਸਪੈਕਟਰ ਗੁਰਤੇਜ ਸਿੰਘ, ਐਲਐਚਵੀ ਰਾਜ ਰਾਣੀ ਅਤੇ ਕੁਲਦੀਪ ਕੌਰ ਆਦਿ ਮੌਜੂਦ ਸਨ।