ਸੰਜੀਵ ਜਿੰਦਲ
- ਸਿਵਲ ਹਸਪਤਾਲ ਮਾਨਸਾ ਵਿੱਚ ਕੋਰੋਨਾ ਟੈਸਟਾਂ ਲਈ ਲੱਗੀਆਂ ਲੰਬੀਆਂ ਕਤਾਰਾਂ
ਮਾਨਸਾ, 24 ਅਪ੍ਰੈਲ 2021 : ਪੂਰੇ ਭਾਰਤ ਵਿਚ ਕੋਰੋਨਾ ਮਹਾਂਮਾਰੀ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ । ਇਸੇ ਤਰ੍ਹਾਂ ਮਾਨਸਾ ਜਿਲ੍ਹੇ ਦੇ ਵਿੱਚ ਕੋਰੋਨਾ ਮਹਾਂਮਾਰੀ ਕਾਫੀ ਵੱਡੇ ਰੂਪ ਵਿੱਚ ਫੈਲ ਚੁੱਕੀ ਹੈ। ਮਾਨਸਾ ਜਿਲ੍ਹਾ ਪ੍ਰਸ਼ਾਸਨ ਦੇ ਅੰਕੜਿਆਂ ਅਨੁਸਾਰ ਜਿੱਥੇ ਮਾਨਸਾ ਵਿੱਚ 256 ਕਰੋਨਾ ਮਰੀਜ਼ ਇੱਕ ਦਿਨ ਵਿੱਚ ਪਾਜ਼ੀਟਿਵ ਪਾਏ ਗਏ ਉਥੇ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਹਨ ਜ਼ੋ ਘਰਾਂ ਵਿੱਚ ਬਿਮਾਰ ਪਏ ਹਨ ਅਤੇ ਕੋਰੋਨਾ ਸੰਬੰਧੀ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਕਾਰਣ ਆਪਣੇ ਟੈਸਟ ਨਹੀਂ ਕਰਵਾ ਰਹੇ। ਇਸ ਸੰਬੰਧੀ ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਪੰਜਾਬ ਸਰਕਾਰ ਤੋਂ ਇਲਾਵਾ ਡਿਪਟੀ ਕਮਿਸ਼ਨਰ, ਸਿਵਲ ਸਰਜਨ, ਮਾਨਸਾ ਨੂੰ ਅਪੀਲ ਕੀਤੀ ਕਿ ਮਾਨਸਾ ਜਿਲ੍ਹੇ ਅਤੇ ਖਾਸ ਕਰ ਸ਼ਹਿਰ ਵਿੱਚ ਘਰ ਘਰ ਜਾ ਕੇ ਜ਼ੋ ਕੋਰੋਨਾ ਦੇ ਲੱਛਣਾਂ ਵਾਲੇ ਵਿਅਕਤੀ ਹਨ, ਉਨ੍ਹਾਂ ਦਾ ਸਰਵੇ ਕੀਤਾ ਜਾਵੇ ਤੇ ਉਨ੍ਹਾਂ ਨੂੰ ਕੋਰੋਨਾਂ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜ਼ੋ ਜਿਲ੍ਹੇ ਵਿੱਚ ਕੋਰੋਨਾ ਬਿਮਾਰੀ ਦਾ ਅਸਲ ਅੰਕੜਾ ਸਾਹਮਣੇ ਆ ਸਕੇ।
ਇਸਤੋਂ ਇਲਾਵਾ ਐਡਵੋਕੇਟ ਮਾਹਲ ਨੇ ਕਿਹਾ ਕਿ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਨਾਮਮਾਤਰ ਸਹੂਲਤਾਂ ਹਨ। ਜਿੱਥੇ ਅੱਜ ਤੋਂ ਹਫਤਾ ਪਹਿਲਾਂ ਇੱਕਾ ਦੁੱਕਾ ਵਿਅਕਤੀ ਆਪਣਾ ਕੋਰੋਨਾ ਟੈਸਟ ਕਰਵਾਉਂਦਾ ਸੀ, ਅੱਜ ਵੱਡੀ ਗਿਣਤੀ ਵਿੱਚ ਲੋਕ ਲਾਇਨਾਂ ਲਗਾ ਕੇ ਸਿਵਲ ਹਸਪਤਾਲ ਵਿੱਚ ਕੋਰੋਨਾਂ ਟੈਸਟ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਦੇੇਖੇ ਗਏ । ਇਸ ਸਮੇਂ ਕੋਰੋਨਾ ਸਬੰਧੀ ਕੋਈ ਵੀ ਸੋਸ਼ਲ ਡਿਸਟੈਂਸਿੰਗ ਅਤੇ ਸਾਫ ਸਫਾਈ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ । ਉਨ੍ਹਾਂ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਿਸ ਤਰੀਕੇ ਨਾਲ ਕੋਰੋਨਾ ਬਿਮਾਰੀ ਫੈਲ ਰਹੀ ਹੈ, ਜੇਕਰ ਇਹੀ ਰਫਤਾਰ ਰਹੀ ਤਾਂ ਪੂਰੇ ਮਾਨਸਾ ਜਿਲ੍ਹੇ ਵਿੱਚ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਘਾਟ ਪੈ ਜਾਵੇਗੀ।
ਇਸ ਲਈ ਮਾਨਸਾ ਜਿਲ੍ਹਾ ਪ੍ਰਸ਼ਾਸਨ ਸਮਾਂ ਰਹਿੰਦੇ ਪੰਜਾਬ ਸਰਕਾਰ ਨੂੰ ਜਿਲ੍ਹੇ ਦੀ ਧਰਾਤਲ ਦੀ ਸਚਾਈ ਤੋਂ ਜਾਣੂੰ ਕਰਵਾ ਕੇ ਜਰੂਰੀ ਮੈਡੀਕਲ ਪ੍ਰਬੰਧ ਅਤੇ ਮੈਡੀਕਲ ਸਟਾਫ ਦਾ ਇੰਤਜਾਮ ਯਕੀਨੀ ਬਣਾਵੇ । ਤਾਂ ਕਿ ਕੋਈ ਅਣਸੁਖਾਵੀਂ ਸਥਿਤੀ ਬਨਣ ਤੋਂ ਰੋਕੀ ਜਾ ਸਕੇ। ਉਨ੍ਹਾਂ ਕਿਹਾ ਕਿ ਜਿਥੇ ਮਾਨਸਾ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਅਤੇ ਵਪਾਰਕ ਜਥੇਬੰਦੀਆਂ ਜਿਲ੍ਹਾ ਪ੍ਰਸ਼ਾਸਨ ਨੂੰ ਆਪਣਾ ਪੂਰਾ ਯੋਗਦਾਨ ਦੇ ਰਹੀਆਂ ਹਨ, ਅਤੇ ਆਮ ਲੋਕ ਜੋ ਮੈਡੀਕਲ ਸਟਾਫ ਵਿਸ਼ਵ ਸੰਕਟ ਸਮੇੇਂ ਆਪਣੀ ਜਾਨ ਜ਼ੋਖਿਮ ਵਿੱਚ ਪਾਕੇ ਉਨ੍ਹਾਂ ਦਾ ਸਾਥ ਦੇ ਰਿਹਾ ਹੈ ਪਰ ਉਥੇ ਸਮਾਜਿਕ ਜਥੇਬੰਦੀਆਂ ਆਪਣਾ ਫਰਜ਼ ਸਮਝਦੇ ਹੋਏ ਸਮਾਂ ਰਹਿੰਦੇ ਮਾਨਸਾ ਜਿਲ੍ਹਾ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਨੁੰ ਅਪੀਲ ਕਰਦੇ ਹਨ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਧਰਾਤਲ ਤੋਂ ਆ ਰਹੀਆਂ ਰਿਪੋਰਟਾਂ ਦੇ ਹਿਸਾਬ ਨਾਲ ਵੱਡੇ ਪੱਧਰ ਉਪਰ ਕੋਰੋਨਾ ਬਿਮਾਰੀ ਦੇ ਸ਼ਿਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਐਮਰਜੈਂਸੀ ਇੰਤਜ਼ਾਮ ਕਰੇ।