ਗੌਰਵ ਮਾਨਿਕ
- ਮਹਿੰਗੇ ਹੋਏ ਸਰ੍ਹੋਂ ਦੇ ਤੇਲ ਨੇ ਆਮ ਲੋਕਾਂ ਦੀ ਰਸੋਈ ਦਾ ਵਿਗੜਿਆ ਸੁਆਦ
ਫਿਰੋਜ਼ਪੁਰ 24 ਅਪ੍ਰੈਲ 2021 - ਮਹਿੰਗਾਈ ਨੇ ਤਾਂ ਆਮ ਲੋਕਾਂ ਦੇ ਨੱਕ ’ਚ ਪਹਿਲਾਂ ਤੋਂ ਦਮ ਕੀਤਾ ਹੀ ਹੈ। ਹੁਣ ਜ਼ਿਆਦਾਤਰ ਘਰਾਂ ’ਚ ਇਸਤੇਮਾਲ ਹੋਣ ਵਾਲਾ ਸਰੋਂ ਦਾ ਤੇਲ ਰਸੋਈ ਦਾ ਬਜਟ ਵਿਗਾੜ ਰਿਹਾ ਹੈ। ਮਸ਼ੀਨਾਂ ’ਤੇ ਮਿਲਣ ਵਾਲਾ ਸਰੋਂ ਦਾ ਸ਼ੁੱਧ ਖੁੱਲ੍ਹਾ ਤੇਲ ਸਿਰਫ 5 ਦਿਨਾਂ ’ਚ 140 ਰੁਪਏ ਪ੍ਰਤੀ ਲਿਟਰ ਤੋਂ 175 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ। ਯਾਨੀ ਕਿ ਤੇਲ ਦਾ ਰੇਟ 35 ਰੁਪਏ ਪ੍ਰਤੀ ਲਿਟਰ ਵਧ ਗਿਆ ਹੈ।
ਉਥੇ ਹੀ ਜੇ ਗੱਲ ਸਰਕਾਰੀ ਅੰਕੜਿਆਂ ਦੀ ਕਰੀਏ ਤਾਂ ਕੇਂਦਰੀ ਖਪਤਕਾਰ ਮੰਤਰਾਲਾ ਦੀ ਵੈੱਬਸਾਈਟ ਮੁਤਾਬਕ ਸਰੋਂ ਦੇ ਪੈਕ ਤੇਲ ਦੀ ਕੀਮਤ ’ਚ ਵੀ ਪਿਛਲੇ ਇਕ ਮਹੀਨੇ ’ਚ 45 ਰੁਪਏ ਦਾ ਉਛਾਲ ਆਇਆ ਹੈ। ਆਖ਼ਰ ਕਿਉਂ ਇੰਨੇ ਰੇਟ ਵਧ ਰਹੇ ਹਨ ਜਦੋਂ ਇਸ ਬਾਰੇ ਸਰੋਂ ਦੀ ਪਿੜਾਈ ਕਰਨ ਵਾਲੇ ਕਾਰੋਬਾਰੀ ਰਾਜੇਸ਼ ਮੋਂਗਾ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਦੱਸਦੇ ਹਨ ਕਿ ਇਕ ਹਫਤਾ ਪਹਿਲਾਂ ਜੋ ਸਰੋਂ ਦਾਣਾ 6500 ਰੁਪਏ ਕੁਇੰਟਲ ਸੀ, ਉਹ ਅੱਜ 8000 ਰੁਪਏ ਕੁਵਇੰਟਲ ਤੋਂ ਪਾਰ ਚਲਾ ਗਿਆ ਹੈ।
ਰਾਜੇਸ਼ ਦੱਸਦੇ ਹਨ ਕਿ ਹੋਲੀ ਦੇ ਤਿਓਹਾਰ ਮੌਕੇ ਸਰੋਂ ਦਾ ਤੇਲ 120 ਰੁਪਏ ਲਿਟਰ ਵਿਕਿਆ ਅਤੇ ਅੱਜ ਦੀ ਡੇਟ ’ਚ 175 ਰੁਪਏ ਵੇਚਣਾ ਪੈ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਤੇਲ ਦੇ ਰੇਟ ਥੱਲੇ ਡਿੱਗਣ ਦੇ ਆਸਾਰ ਨਹੀਂ ਹਨ। ਹਾਲਾਂਕਿ ਪੰਜਾਬ ਵਿੱਚ ਰੇਟ ਪੌਣੇ ਦੋ ਸੌ ਰੁਪਏ ਦੇ ਕਰੀਬ ਹੈ ਉੱਥੇ ਹੀ ਮਹਾਰਾਸ਼ਟਰਾ ਦੇ ਮੁੰਬਈ ’ਚ 180 ਅਤੇ ਨਾਸਿਕ ’ਚ ਇਹ 194 ਰੁਪਏ ਲਿਟਰ ਤੱਕ ਪਹੁੰਚ ਗਿਆ ਹੈ। ਕੋਰੋਨਾ ਮਹਾਮਾਰੀ ਦੇ ਚਲਦਿਆਂ ਜਿੱਥੇ ਪਹਿਲਾਂ ਹੀ ਲੋਕਾਂ ਦੇ ਕਾਰੋਬਾਰ ਘੱਟ ਹਨ ਉੱਥੇ ਹੀ ਤੇਲ ਦੀਆਂ ਇੰਨੀਆਂ ਵਧੀਆਂ ਕੀਮਤਾਂ ਨੇ ਲੋਕਾਂ ਦੀ ਰਸੋਈ ਦਾ ਜ਼ਾਇਕਾ ਵੀ ਖ਼ਰਾਬ ਕਰ ਦਿੱਤਾ ਹੈ।