ਬਲਵਿੰਦਰ ਸਿੰਘ ਧਾਲੀਵਾਲ
- ਹਸਪਤਾਲਾਂ ਨੂੰ ਸਪਲਾਈ ਪੂਰੀ ਹੋਣ ਤੋਂ ਬਾਅਦ ਵੀ ਚੋਣਵੇਂ ਉਦਯੋਗਾਂ ਨੂੰ ਪ੍ਰਵਾਨਗੀ ਉਪਰੰਤ ਮਿਲ ਸਕੇਗੀ ਆਕਸੀਜਨ
ਸੁਲਤਾਨਪੁਰ ਲੋਧੀ, 24 ਅਪ੍ਰੈਲ 2021 - ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਦੀਪਤੀ ਉੱਪਲ ਵਲੋਂ ਇਕ ਅਹਿਮ ਹੁਕਮ ਰਾਹੀਂ ਜਿਲ੍ਹੇ ਅੰਦਰ ਆਕਸੀਜਨ ਦੀ ਸਪਲਾਈ ਹਸਪਤਾਲਾਂ ਨੂੰ ਪੂਰੀ ਕਰਨ ਤੋਂ ਬਾਅਦ ਹੀ ਚੋਣਵੇਂ ਉਦਯੋਗਾਂ ਨੂੰ ਸਪਲਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਅੱਜ ਜਾਰੀ ਹੁਕਮਾਂ ਵਿਚ ਉਨ੍ਹਾਂ ਕਿਹਾ ਕਿ ਕਰੋਨਾ ਦੇ ਕੇਸਾਂ ਵਿਚ ਤੇਜੀ ਨਾਲ ਵਾਧਾ ਹੋਣ ਕਾਰਨ ਹਸਪਤਾਲਾਂ ਵਿਚ ਮਰੀਜਾਂ ਦੀ ਜਾਨ ਬਚਾਉਣ ਲਈ ਆਕਸੀਜਨ ਦੀ ਜਿਆਦਾ ਲੋੜ ਪੈ ਰਹੀ ਹੈ, ਜਿਸਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਉਦਯੋਗ ਤੇ ਕਾਮਰਸ ਵਿਭਾਗ ਦੇ ਪੱਤਰ ਨੰਬਰ ਡਾਟਾ-ਆਕਸੀਜਨ-ਸਪਲਾਈ-2136 ਬੀ ਰਾਹੀਂ ਜਾਰੀ ਨਿਰਦੇਸ਼ਾਂ ਦੇ ਅਨੁਕੂਲ ਇਹ ਹੁਕਮ ਜਾਰੀ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਸਪਤਾਲਾਂ ਨੂੰ ਆਕਸੀਜਨ ਦੀ ਸਪਲਾਈ ਪੂਰੀ ਕਰਨ ਉਪਰੰਤ ਹੀ 9 ਅਜਿਹੇ ਉਦਯੋਗਾਂ ਨੂੰ ਆਕਸੀਜਨ ਸਪਲਾਈ ਕੀਤੀ ਜਾਵੇ ਜਿਨ੍ਹਾਂ ਨੂੰ ਲੋੜ ਹੈ।
ਇਨ੍ਹਾਂ ਉਦਯੋਗਾਂ ਵਿਚ ਐਮਪੋਲਸ ਐਂਡ ਵਾਇਲਸ, ਫਾਰਮਾਸੂਟੀਕਲ, ਪੈਟਰੋਲੀਅਮ ਰਿਫਾਇਨਰੀ, ਸਟੀਲ ਪਲਾਂਟ, ਨਿਊਕਲੀਅਰ ਐਨਰਜ਼ੀ, ਆਕਸੀਜਨ ਸਿਲੰਡਰ ਉਤਪਾਦਕ, ਵੇਸਟ ਵਾਟਰ ਟ੍ਰੀਟਮੈਂਟ ਪਲਾਂਟ, ਫੂਡ ਐਂਡ ਵੇਸਟ ਪਿਊਰੀਫੀਕੇਸ਼ਨ, ਪ੍ਰੋਸੈਸ ਉਦਯੋਗ ਜਿਨ੍ਹਾਂ ਨੂੰ ਨਿਰਵਿਘਨ ਢਲਾਈ ਦੇ ਕੰਮ ਲਈ ਆਕਸੀਜਨ ਦੀ ਲੋੜ ਹੈ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਹਸਪਤਾਲਾਂ ਨੂੰ ਆਕਸੀਜਨ ਪੂਰੀ ਸਪਲਾਈ ਕਰਨ ਤੋਂ ਬਾਅਦ ਵੀ ਉਕਤ 9 ਉਦਯੋਗਾਂ ਨੂੰ ਆਕਸੀਜਨ ਸਪਲਾਈ ਅਨੁਪਮ ਕਾਲੀਆ, ਡਰੱਗ ਕੰਟਰੋਲ ਅਫਸਰ (98784-17208) ਕਪੂਰਥਲਾ ਪਾਸੋਂ ਪ੍ਰਵਾਨਗੀ ਲੈਣ ਉਪਰੰਤ ਹੀ ਕੀਤੀ ਜਾਵੇਗੀ।