ਅੰਮ੍ਰਿਤਸਰ 23 ਅਪ੍ਰੈਲ, 2021 - ਕਰੋਨਾ ਵਾਇਰਸ ਕੋਵਿਡ-19 ਨੇ ਸਾਲ 2020 ਦੌਰਾਂਣ ਸਾਰੀ ਦੂਨੀਆਂ ਵਿਚ ਕਹਿਰ ਢਾਇਆ ਸੀ ਜਿਸ ਨਾਲ ਲੱਖਾਂ ਕੀਮਤੀ ਜਾਨਾਂ ਗਈਆਂ ਸਨ। ਇਹ ਵਾਇਰਸ ਦੋਬਾਰਾ ਫਿਰ ਇਕ ਵਿਕਰਾਲ ਰੂਪ ਧਾਰਨ ਕਰਕੇ ਬੜੀ ਤੇਜੀ ਨਾਲ ਫੈਲ ਰਿਹਾ ਹੈ ਜਿਸ ਨਾਲ ਭਾਰਤ ਦੇਸ਼ ਦੇ ਤਕਰੀਬਨ ਸਾਰੇ ਰਾਜਾਂ ਵਿਚ ਇਸ ਵੇਲੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਰੋਜਾਨਾ ਸੈਂਕੜੇ ਕੀਮਤੀ ਜਾਨਾਂ ਜਾ ਰਹੀਆ ਹਨ।
ਅੱਜ ਮਿਤੀ 23-4-2021 ਨੂੰ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਪਹਿਲੇ ਨਾਗਰਿਕ ਹੋਣ ਦੇ ਨਾਤੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਸ਼ਹਿਰਵਾਸੀ ਸਰਕਾਰ ਵੱਲੋਂ ਜਾਰੀ ਗਾਈਡ-ਲਾਈਨਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕਰਨ, ਹਮੇਸ਼ਾਂ ਮਾਸਕ ਪਾ ਕੇ ਰੱਖਣ, ਸਮੇਂ-ਸਮੇਂ ਤੇ ਹੱਥ ਧੋਣ, ਵੱਧ ਤੋਂ ਵੱਧ ਸੈਨੇਟਾਇਜ਼ਰ ਦਾ ਇਸਤੇਮਾਲ ਕਰਨ ਅਤੇ ਲੋੜ ਪੈਣ ਤੇ ਹੀ ਘਰਾਂ ਤੋਂ ਬਾਹਰ ਨਿਕਲਣ, ਭੀੜ੍ਹ-ਭਾੜ ਵਾਲੀ ਜਗ੍ਹਾਂ ਤੇ ਜਾਣ ਤੋਂ ਗੁਰੇਜ਼ ਕਰਨ।
ਉਹਨਾਂ ਕਿਹਾ ਕਿ ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਹਰ ਤਰ੍ਹਾਂ ਦੀਆਂ ਮੂਲਭੁਤ ਸੇਵਾਵਾਂ ਨਿਰਵਿਘਣ ਜਾਰੀ ਰਹਿਣਗੀਆਂ, ਪਹਿਲਾਂ ਵੀ ਪਿਛਲੇ ਸਾਲ ਨਗਰ ਨਿਗਮ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਪੂਰੀ ਤਨਦੇਹੀ ਤੇ ਨਿਸ਼ਠਾ ਦੇ ਨਾਲ ਸ਼ਹਿਰ ਵਾਸੀਆ ਨੂੰ ਕਰੋਨਾ ਤੋਂ ਬਚਾਉਣ ਲਈ ਸੇਵਾ ਨਿਭਾਈ ਗਈ ਸੀ। ਉਹਨਾਂ ਸ਼ਹਿਰਵਾਸੀਆਂ ਨੂੰ ਭਰੋਸਾ ਦੁਆਇਆ ਕਿ ਨਗਰ ਨਿਗਮ ਅੰਮ੍ਰਿਤਸਰ ਹਰ ਤਰ੍ਹਾਂ ਦੀ ਔਖੀ ਘੜੀ ਤੋਂ ਸ਼ਹਿਰਵਾਸੀਆ ਨੂੰ ਬਚਾਉਣ ਲਈ ਹਰ ਵੇਲੇ ਜਿਲ੍ਹਾ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਲਗਾਕੇ ਡਟਿਆ ਹੈ।