ਗੁਰਪ੍ਰੀਤ ਸਿੰਘ ਮੰਡਿਆਣੀ
- ਅਨਾਜ ਮੰਡੀਆਂ 'ਚ ਭੀੜ ਨੂੰ ਘਟਾਉਣ ਲਈ ਆਰਜ਼ੀ ਖਰੀਦ ਕੇਂਦਰ ਲਾਹੇਵੰਦ ਸਾਬਤ ਹੋ ਰਹੇ
- ਅਨਾਜ ਦੀਆਂ ਢੇਰੀਆਂ ਲਈ ਦਾਇਰਿਆਂ 'ਚ ਕੀਤੀ ਹੋਈ ਹੈ ਨਿਸ਼ਾਨਦੇਹੀ - ਵਧੀਕ ਡਿਪਟੀ ਕਮਿਸ਼ਨਰ
ਮੋਗਾ, 23 ਅਪ੍ਰੈਲ 2021 - ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪਰ੍ਸ਼ਾਸਨ ਵੱਲੋਂ ਜਿਥੇ ਸੈਂਪਲਿੰਗ ਤੇ ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ ਉਥੇ ਹੀ ਅਨਾਜ ਮੰਡੀਆਂ ਵਿਖੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵੀ ਪੂਰੀ ਸਰਗਰਮੀ ਨਾਲ ਕਾਰਜ ਅਮਲ ਵਿੱਚ ਲਿਆਂਦੇ ਜਾ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ ਦੀ ਰੋਕਥਾਮ ਲਈ ਜਾਰੀ ਸਿਹਤ ਸਲਾਹਾਂ ਦੀ ਪਾਲਣਾ ਵਜੋਂ ਜ਼ਿਲ੍ਹੇ ਵਿੱਚ ਪਹਿਲਾਂ ਤੋਂ ਸਥਾਪਤ ਅਨਾਜ ਮੰਡੀਆਂ ਵਿੱਚ ਵਾਧੂ ਦੀ ਭੀੜ ਨੂੰ ਰੋਕਣ ਲਈ ਆਰਜ਼ੀ ਤੌਰ 'ਤੇ 162 ਹੋਰ ਖਰੀਦ ਕੇਂਦਰ (93 ਚੌਲ ਮਿੱਲਾਂ ਅਤੇ 69 ਆਰਜੀ ਖਰੀਦ ਕੇਂਦਰ) ਵੀ ਸਥਾਪਤ ਕੀਤੇ ਗਏ ਹਨ ਤਾਂ ਕਿ ਮੰਡੀਆਂ ਵਿੱਚ ਕਿਸਾਨਾਂ, ਮਜ਼ਦੂਰਾਂ ਸਮੇਤ ਹੋਰ ਵਰਗਾਂ ਦੀ ਗਿਣਤੀ ਵਧਣ ਨਾਲ ਭੀੜ ਹੋਣ ਦੀ ਕਿਸੇ ਵੀ ਸੰਭਾਵਨਾ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਖਰੀਦ ਕਾਰਜਾਂ ਨੂੰ ਤਰਜੀਹੀ ਤੌਰ 'ਤੇ ਮੁਕੰਮਲ ਕੀਤਾ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨੂੰ ਅਮਲ ਵਿੱਚ ਲਿਆਉਣ ਲਈ ਵਿਉਂਤਬੱਧ ਉਪਰਾਲੇ ਕੀਤੇ ਗਏ ਹਨ ਕਿਉਂਕਿ ਮੰਡੀਆਂ ਵਿੱਚ ਸਮੁੱਚੇ ਸੀਜ਼ਨ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਆੜਤੀਆਂ ਤੇ ਟਰਾਂਸਪੋਰਟਰਾਂ ਦੀ ਆਮਦ ਹੁੰਦੀ ਹੈ ਅਤੇ ਅਜਿਹੇ ਵੇਲੇ ਕੋਵਿਡ ਤੋਂ ਬਚਾਅ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ ਜਿਸ ਦੇ ਮੱਦੇਨਜ਼ਰ ਖਰੀਦ ਕਾਰਜਾਂ ਵਿੱਚ ਜੁਟੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸੁੱਕੀ ਫ਼ਸਲ ਦੀ ਨਾਲੋ ਨਾਲ ਖਰੀਦ ਕਰਦਿਆਂ ਲਿਫਟਿੰਗ ਕੀਤੀ ਜਾਵੇ ਤਾਂ ਜੋ ਮੰਡੀਆਂ ਵਿੱਚ ਕਿਸੇ ਵੀ ਹਾਲਤ ਵਿੱਚ ਭੀੜ ਵਾਲੇ ਹਾਲਾਤ ਪੈਦਾ ਨਾ ਹੋਣ।
ਇਸ ਤੋਂ ਇਲਾਵਾ ਮੰਡੀਆਂ ਵਿੱਚ ਅਨਾਜ ਦੀ ਖਰੀਦ ਲਈ 30×30 ਫੁੱਟ ਦੇ ਦਾਇਰੇ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿਸ ਵਿੱਚ ਹਰ ਕਿਸਾਨ ਆਪਣੀ ਫ਼ਸਲ ਨੂੰ ਉਤਾਰ ਰਹੇ ਹਨ ਤਾਂ ਜੋ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕੀਤੀ ਜਾ ਸਕੇ। ਕਿਸਾਨਾਂ ਨੂੰ ਮੰਡੀਆਂ ਵਿੱਚ ਦਾਖਲ ਹੋਣ ਉੱਤੇ ਜਿੱਥੇ ਮਾਸਕ ਦਿੱਤੇ ਜਾਂਦੇ ਹਨ ਅਤੇ ਸੈਨੀਟਾਈਜ਼ ਕੀਤਾ ਜਾਂਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਨਾਜ ਮੰਡੀਆਂ ਵਿਖੇ ਕੋਵਿਡ ਟੀਕਾਕਰਨ ਕੈਂਪ ਵੀ ਲਗਵਾਏ ਜਾ ਰਹੇ ਹਨ ਤਾਂ ਜੋ ਖਰੀਦ ਨਾਲ ਸਬੰਧਤ ਹਰੇਕ ਵਰਗ ਦੇ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਹੋ ਸਕੇ ਅਤੇ ਉਹ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਤੋਂ ਬਚ ਸਕਣ। ਉਹਨਾਂ ਨੇ ਕਿਹਾ ਕਿ ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਲਈ ਸਬ ਡਵੀਜ਼ਨ ਪੱਧਰ 'ਤੇ ਟੀਮਾਂ ਸਰਗਰਮ ਹਨ ਅਤੇ ਕਿਸਾਨਾਂ ਨੂੰ ਹਰੇਕ ਤਰ੍ਹਾਂ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਸਮੁੱਚੇ ਸੀਜ਼ਨ ਦੌਰਾਨ ਕੋਵਿਡ ਤੋਂ ਬਚਾਅ ਰੱਖਿਆ ਜਾ ਸਕੇ।