- ਭਵਿੱਖ ਵਿੱਚ ਇਨ੍ਹਾਂ ਨੂੰ ਰੋਕਣ ਦੀ ਕੋਈ ਯੋਜਨਾ ਨਹੀਂ - ਮੰਡਲ ਰੇਲ ਮੈਨੇਜਰ ਰਾਜੇਸ਼ ਅਗਰਵਾਲ
- ਕੋਰੋਨਾ ਮਹਾਂਮਾਰੀ ਦੇ ਚੱਲਦੇ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਪਲੇਟਫਾਰਮ ਟਿਕਟਾਂ ਵਿਕਰੀ ’ਤੇ ਪਾਬੰਦੀ ਲਗਾਈ ਗਈ
ਗੌਰਵ ਮਾਨਿਕ
ਫਿਰੋਜ਼ਪੁਰ 23 ਅਪ੍ਰੈਲ 2021 - ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਲੈ ਕੇ ਰੇਲ ਮੰਤਰਾਲੇ ਨੇ ਹਾਲੇ ਅਜਿਹਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਕਿ ਜਿਸ ਨਾਲ ਟਰੇਨਾਂ ਦੀ ਆਵਾਜਾਈ ਰੋਕੀ ਜਾਵੇ , ਇਸ ਗੱਲ ਦਾ ਪ੍ਰਗਟਾਵਾ ਫਿਰੋਜ਼ਪੁਰ ਦੇ ਮੰਡਲ ਰੇਲ ਮੈਨੇਜਰ ਰਾਜੇਸ਼ ਅਗਰਵਾਲ ਨੇ ਕੀਤਾ ਉਹਨਾਂ ਨੇ ਕਿਹਾ ਕਿ ਰੇਲ ਮੰਤਰਾਲਾ ਨੇ ਐਲਾਨ ਕੀਤਾ ਹੈ ਕਿ ਭਾਰਤੀ ਰੇਲਵੇ ਇਸ ਸਮੇਂ ਚੱਲ ਰਹੀਆਂ ਸਪੈਸ਼ਲ ਰੇਲ ਗੱਡੀਆਂ ਨੂੰ ਚਲਾਉਣਾ ਜਾਰੀ ਰੱਖੇਗਾ ਅਤੇ ਭਵਿੱਖ ਵਿੱਚ ਇਨ੍ਹਾਂ ਨੂੰ ਰੋਕਣ ਦੀ ਕੋਈ ਯੋਜਨਾ ਨਹੀਂ ਹੈ। ਇਸ ਲਈ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਵੱਲ ਧਿਆਨ ਨਾ ਦੇਣ। ਰੇਲਵੇ ਸਟੇਸ਼ਨ ’ਤੇ ਜਾਓ ਅਤੇ ਰਿਜ਼ਰਵੇਸ਼ਨ ਦਫਤਰ ਤੋਂ ਆਪਣੀਆਂ ਟਿਕਟਾਂ ਬੁੱਕ ਕਰਾਓ ।
ਉਨ੍ਹਾਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਯਾਤਰਾ ਦੌਰਾਨ ਮਾਸਕ ਪਹਿਨਣਾ ਯਕੀਨੀ ਕਰਨ, ਸਮਾਜਿਕ ਦੂਰੀਆਂ ਦੀ ਪਾਲਣਾ ਕਰਨ ਅਤੇ ਕੋਵਿਡ-19 ਤੋਂ ਬਚਣ ਲਈ ਸਾਬਣ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ। ਇਸ ਮਹਾਮਾਰੀ ਦੀ ਲਾਗ ਨੂੰ ਰੋਕਣ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ, ਅੰਮ੍ਰਿਤਸਰ, ਲੁਧਿਆਣਾ, ਜੰਮੂਤਵੀ, ਜਲੰਧਰ ਸ਼ਹਿਰ, ਊਧਮਪੁਰ, ਪਠਾਨਕੋਟ, ਪਠਾਨਕੋਟ ਕੈਂਟ, ਜਲੰਧਰ ਕੈਂਟ, ਫਗਵਾੜਾ, ਬਿਆਸ ਅਤੇ ਫਿਰੋਜ਼ਪੁਰ ਕੈਂਟ ਵਿਖੇ ਪਲੇਟਫਾਰਮ ਟਿਕਟਾਂ ਦੀ ਕੀਮਤ 50 ਰੁਪਏ ਰੱਖੀ ਗਈ ਹੈ ਅਤੇ ਅਗਲੇ ਹੁਕਮਾਂ ਤੱਕ ਸਿਰਫ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਇਸ ਦੀ ਵਿਕਰੀ ’ਤੇ ਪਾਬੰਦੀ ਲਗਾਈ ਗਈ ਹੈ।
ਫ਼ਿਰੋਜ਼ਪੁਰ ਮੰਡਲ ਰੇਲ ਮੈਨੇਜਰ ਰਾਜੇਸ਼ ਅਗਰਵਾਲ ਨੇ ਵੀਰਵਾਰ ਦੱਸਿਆ ਕਿ ਫਿਲਹਾਲ ਫਿਰੋਜ਼ਪੁਰ ਮੰਡਲ ਤੋਂ 67 ਜੋੜੀ ਸਪੈਸ਼ਲ ਮੇਲ ਐਕਸਪ੍ਰੈੱਸ ਰੇਲ ਗੱਡੀਆਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ, ਊਧਮਪੁਰ, ਜੰਮੂਤਵੀ, ਅੰਮ੍ਰਿਤਸਰ, ਫ਼ਿਰੋਜ਼ਪੁਰ ਕੈਂਟ ਅਤੇ ਫਾਜ਼ਿਲਕਾ ਰੇਲਵੇ ਸਟੇਸ਼ਨਾਂ ਤੋਂ ਚੱਲ ਰਹੀਆਂ ਹਨ। ਇਨ੍ਹਾਂ ਸਪੈਸ਼ਲ ਰੇਲ ਗੱਡੀਆਂ ਦੇ ਨਾਲ-ਨਾਲ 37 ਜੋੜੀ ਰਿਜ਼ਰਵੇਸ਼ਨ ਤੋਂ ਬਿਨਾਂ ਮੇਲ ਐਕਸਪ੍ਰੈੱਸ ਗੱਡੀਆਂ ਵੀ ਫਿਰੋਜ਼ਪੁਰ ਮੰਡਲ ਦੇ ਹਰ ਸੈਕਸ਼ਨ (ਫਿਰੋਜ਼ਪੁਰ-ਬਠਿੰਡਾ, ਅੰਮ੍ਰਿਤਸਰ-ਪਠਾਨਕੋਟ, ਪਠਾਨਕੋਟ-ਊਧਮਪੁਰ, ਜਲੰਧਰ-ਫਿਰੋਜ਼ਪੁਰ, ਲੁਧਿਆਣਾ-ਫ਼ਿਰੋਜ਼ਪੁਰ, ਬਨਿਹਾਲ-ਬਾਰਾਮੁੱਲਾ, ਫਿਰੋਜ਼ਪੁਰ-ਫਾਜ਼ਿਲਕਾ,ਪਠਾਨਕੋਟ-ਜੋਗਿੰਦਰਨਗਰ ਆਦਿ ’ਚ ਯਾਤਰੀਆਂ ਦੀ ਸਹੂਲਤ ਲਈ ਚਲਾਈਆਂ ਜਾ ਰਹੀਆਂ ਹਨ।
ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 29 ਸਪੈਸ਼ਲ ਮੇਲ ਐਕਸਪ੍ਰੈੱਸ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ, ਜੋ ਬਾਂਦ੍ਰਾ ਟਰਮੀਨਸ, ਹਰਿਦੁਆਰ, ਨਿਊ ਜਲਪਾਈਗੁੜੀ, ਜੈਨਗਰ, ਸਿਆਲਦਾਹ, ਨਿਊ ਤਿਨਸੁਕੀਆ, ਕੋਰਬਾ, ਸਹਿਰਸਾ, ਦਰਭੰਗਾ, ਕਾਨਪੁਰ, ਕਟਿਹਾਰ, ਹਾਵੜਾ ਆਖਰੀ ਸਟੇਸ਼ਨਾਂ ਲਈ ਜਾਂਦੀਆਂ ਹਨ। ਜੰਮੂਤਵੀ ਰੇਲਵੇ ਸਟੇਸ਼ਨ ਤੋਂ 16 ਜੋੜੀ ਦੀਆਂ ਸਪੈਸ਼ਲ ਮੇਲ ਐਕਸਪ੍ਰੈੱਸ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ, ਜੋ ਬਾਂਦ੍ਰਾ ਟਰਮੀਨਸ, ਵਾਰਾਣਸੀ, ਸੰਬਲਪੁਰ, ਪਟਨਾ, ਅਜਮੇਰ, ਭਾਗਲਪੁਰ, ਗੋਰਖਪੁਰ, ਹਾਵੜਾ, ਪੁਣੇ, ਹਜ਼ੂਰ ਸਾਹਬ ਨਾਂਦੇੜ, ਦਿੱਲੀ, ਰਿਸ਼ੀਕੇਸ਼, ਜੈਸਲਮੇਰ, ਬਾੜਮੇਰ ਅਤੇ ਤਿਰੂਪਤੀ ਮੰਜ਼ਿਲ ਵਾਲੇ ਸਟੇਸ਼ਨਾਂ ਤੱਕ ਜਾਂਦੀਆਂ ਹਨ। ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਰੇਲਵੇ ਸਟੇਸ਼ਨ ਤੋਂ 13 ਜੋੜੀ ਸਪੈਸ਼ਲ ਮੇਲ ਐਕਸਪ੍ਰੈੱਸ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ, ਜੋ ਨਵੀਂ ਦਿੱਲੀ, ਡਾ. ਅੰਬੇਦਕਰ ਨਗਰ, ਬਾਂਦ੍ਰਾ ਟਰਮੀਨਸ, ਗਾਂਧੀਧਾਮ, ਹਾਪਾ, ਜਾਮਨਗਰ, ਰਿਸ਼ੀਕੇਸ਼, ਕੋਟਾ, ਜਬਲਪੁਰ, ਅਹਿਮਦਾਬਾਦ ਅਤੇ ਤਿਰੂਨਵੇਲੀ ਸਟੇਸ਼ਨਾਂ ਲਈ ਜਾਂਦੀਆਂ ਹਨ। ਊਧਮਪੁਰ ਰੇਲਵੇ ਸਟੇਸ਼ਨ ਤੋਂ 4 ਸਪੈਸ਼ਲ ਮੇਲ ਐਕਸਪ੍ਰੈ੍ੱਸ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ, ਜੋ ਇੰਦੌਰ, ਪ੍ਰਯਾਗਰਾਜ, ਕੋਟਾ ਤੇ ਦੁਰਗ ਆਖਰੀ ਸਟੇਸ਼ਨ ਲਈਆਂ ਜਾਂਦੀਆਂ ਹਨ। ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੋਂ 3 ਸਪੈਸ਼ਲ ਮੇਲ ਐਕਸਪ੍ਰੈੱਸ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ, ਜੋ ਧਨਬਾਦ, ਮੁੰਬਈ ਸੈਂਟਰਲ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਆਖਰੀ ਸਟੇਸ਼ਨਾਂ ਲਈ ਜਾਂਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਫਾਜ਼ਿਲਕਾ ਰੇਲਵੇ ਸਟੇਸ਼ਨ ਤੋਂ 2 ਸਪੈਸ਼ਲ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ, ਜੋ ਦਿੱਲੀ ਤੇ ਰੇਵਾੜੀ ਸਟੇਸ਼ਨਾਂ ਲਈ ਜਾਂਦੀਆਂ ਹਨ। ਪੂਰਬੀ (ਕੋਲਕਾਤਾ) ਵੱਲ ਜਾਣ ਵਾਲੀਆਂ ਸਪੈਸ਼ਲ ਰੇਲ ਗੱਡੀਆਂ ਮੁੱਖ ਤੌਰ ’ਤੇ ਜਲੰਧਰ, ਲੁਧਿਆਣਾ, ਅੰਬਾਲਾ , ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ, ਵਾਰਾਣਸੀ, ਪੰਡਿਤ ਦੀਨਦਿਆਲ ਉਪਾਧਿਆਏ, ਸਾਸਾਰਾਮ, ਗਯਾ, ਧਨਬਾਦ, ਆਸਨਸੋਲ ਆਦਿ ਸਟੇਸ਼ਨਾਂ ’ਤੇ ਰੁਕ ਕੇ ਅਤੇ ਜੈਨਗਰ ਵੱਲ ਜਾਣ ਵਾਲੀਆਂ ਸਪੈਸ਼ਨ ਰੇਲ ਗੱਡੀਆਂ ਮੁੱਖ ਤੌਰ ’ਤੇ ਜਲੰਧਰ, ਲੁਧਿਆਣਾ, ਅੰਬਾਲਾ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ, ਗੋਂਡਾ, ਬਸਤੀ, ਗੋਰਖਪੁਰ, ਦੇਵਰੀਆ, ਸਿਵਾਨ, ਛਪਰਾ, ਹਾਜ਼ੀਪੁਰ, ਮੁਜ਼ੱਫਰਪੁਰ ਸਮਸਤੀਪੁਰ, ਦਰਭੰਗਾ ਆਦਿ ਸਟੇਸ਼ਨਾਂ ’ਤੇ ਰੁਕ ਕੇ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਯਾਤਰੀਆਂ ਨੂੰ ਕਿਸੇ ਵੀ ਗੱਲ ਦੀ ਦਿੱਕਤ ਆਉਂਦੀ ਹੈ ਤਾਂ ਉਹ ਕੰਟਰੋਲ ਰੂਮ ਨੰਬਰਾਂ ਤੇ ਗੱਲ ਕਰਕੇ ਅਤੇ ਸਟੇਸ਼ਨਾਂ ਤੇ ਬਣੇ ਇਨਕੁਆਰੀ ਕਾਊਂਟਰਾਂ ਤੇ ਜਾ ਕੇ ਆਪਣੀ ਸਮੱਸਿਆ ਦਾ ਹੱਲ ਕਰਵਾ ਸਕਦੇ ਹਨ।