ਹਰਜਿੰਦਰ ਸਿੰਘ ਭੱਟੀ
- ਗਰਗ ਪਰਿਵਾਰ ਦੇ ਰਿਸ਼ਤੇਦਾਰ ਦੀ ਕੋਵਿਡ 19 ਕਾਰਨ ਸ਼ੈਲਬੀ ਹੋਈ ਸੀ ਮੌਤ
ਐਸ.ਏ.ਐਸ ਨਗਰ, 22 ਅਪ੍ਰੈਲ 2021 - ਸਥਾਨਕ ਸ਼ੈਲਬੀ ਹਸਪਤਾਲ ਵਿਚ ਰਾਜੇਸ਼ ਗਰਗ ਦੇ ਰਿਸ਼ਤੇਦਾਰ ਦੀ ਕੋਵਿਡ 19 ਕਾਰਣ ਹੋਈ ਮੌਤ ਉਪਰੰਤ ਉਨ੍ਹਾਂ ਦੇ ਪਰਿਵਾਰ ਨੂੰ ਹਸਪਤਾਲ ਵੱਲੋਂ ਕਿਸੇ ਹੋਰ ਮ੍ਰਿਤਕ ਵਿਆਕਤੀ ਦੀ ਦੇਹ ਦੇਣ ਦੇ ਮਾਮਲੇ ਦੀ ਜਾਣਕਾਰੀ ਮਿਲਣ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਦਾ ਹੈ ਕਿ ਮਰੀਜ਼ਾਂ ਦੀ ਬਹੁਤਾਤ ਹੋਣ ਕਾਰਣ ਹਸਪਤਾਲ ਪ੍ਰਸ਼ਾਸਨ ਵੱਲੋਂ ਗਲਤੀ ਹੋਈ ਹੈ ਅਤੇ ਉਨ੍ਹਾਂ ਵੱਲੋਂ ਗਰਗ ਪਰਿਵਾਰ ਨੂੰ ਦੂਜੇ ਮ੍ਰਿਤਕ ਵਿਆਕਤੀ ਦੀ ਦੇਹ ਸੌਂਪ ਦਿੱਤੀ ਗਈ । ਸ਼ੈਲਬੀ ਹਸਪਤਾਲ ਦੇ ਪ੍ਰਸ਼ਾਸਨ ਨੂੰ ਇਸ ਹੋਈ ਗਲਤੀ ਦਾ ਪਤਾ ਲੱਗਣ ਤੇ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਆਪਣੀ ਗਲਤੀ ਸਵੀਕਾਰਦਿਆਂ ਗਰਗ ਪਰਿਵਾਰ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਦੀ ਸਹੀ ਮ੍ਰਿਤਕ ਦੇਹ ਸੌਪੀ ਗਈ ।
ਇਥੇ ਇਹ ਵੀ ਵਰਨਣ ਯੋਗ ਹੈ ਕਿ ਜ਼ਿਲ੍ਹੇ ਦੇ ਨਿੱਜੀ ਹਸਪਤਾਲ ਕੋਵਿਡ ਮਹਾਂਮਾਰੀ ਦੀ ਔਖੀ ਘੜੀ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਿਹਤ ਸੇਵਾਵਾਂ ਪ੍ਰਧਾਨ ਕਰਨ ਚ ਮੋਢੇ ਨਾਲ ਮੋਢਾ ਮਿਲਾਕੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਜੋ ਕਿ ਸ਼ਲਾਘਾ ਯੋਗ ਹੈ। ਸਥਾਨਿਕ ਨਿੱਜੀ ਹਸਪਤਾਲਾਂ ਵੱਲੋਂ ਨਾ ਕੇਵਲ ਜ਼ਿਲ੍ਹਾ ਐਸ.ਏ.ਐਸ ਨਗਰ ਸਗੋਂ ਮੁਕਮੰਲ ਟ੍ਰਾਈ ਸਿਟੀ ਅਤੇ ਨੇੜਲੇ ਸੂਬਿਆਂ ਦੇ ਮਰੀਜ਼ਾਂ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ। ਕੋਵਿਡ ਦੇ ਤੇਜ਼ ਗਤੀ ਨਾਲ ਹੋ ਰਹੇ ਪਸਾਰ ਕਾਰਨ ਸਿਹਤ ਸੰਸਥਾਵਾਂ ਤੇ ਕਾਫੀ ਦਬਾਅ ਹੈ । ਪਰ ਫਿਰ ਵੀ ਹਸਪਤਾਲਾਂ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ ਤਾਂ ਜੋ ਅਜਿਹੀਆਂ ਗਲਤੀਆਂ ਨਾ ਹੋਣ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ।