ਅਸ਼ੋਕ ਵਰਮਾ
ਬਠਿੰਡਾ,22ਅਪਰੈਲ2021: ਜ਼ਿਲ੍ਹਾ ਸੈਸ਼ਨ ਜੱਜ ਬਠਿੰਡਾ ਕਮਲਜੀਤ ਲਾਂਬਾ ਨੇ ਵੈਕਸੀਨੇਸ਼ਨ ਕੇਂਦਰ ਸਿਵਲ ਹਸਪਤਾਲ ਬਠਿੰਡਾ ਵਿਖੇ ਅੱਜ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਈ ।ਇਸ ਮੌਕੇ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਵੀ ਮੌਜੂਦ ਸਨ।ਇਸ ਮੌਕੇ ਜ਼ਿਲ੍ਹਾ ਸੈਸ਼ਨ ਜੱਜ ਸ੍ਰੀ ਕਮਲਜੀਤ ਲਾਂਬਾ ਨੇ ਆਮ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਖੁਦ ਨੂੰ, ਆਪਣੇ ਪਰਿਵਾਰ ਨੂੰ ਅਤੇ ਸਮਾਜ ਨੂੰ ਬਚਾਉਣ ਲਈ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਅਤੇ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਅਤੇ ਟੀਕਾਕਰਨ ਨਾਲ ਹੀ ਕੋਰੋਨਾ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ ਇਸ ਲਈ ਆਪਾਂ ਸਾਰੇ ਰਲ ਮਿਲ ਕੇ ਸਰਕਾਰ ਦੀ ਟੀਕਾਕਰਨ ਮੁਹਿੰਮ ਨੂੰ ਸਫਲ ਬਨਾਉਣਾ ਅਤੇ ਦੇਸ਼ ਨੂੰ ਕੋਰੋਨਾ ਮੁਕਤ ਕਰਨਾ ਚਾਹੀਦਾ ਹੈ
ਇਸ ਮੌਕੇ ਸਿਵਲ ਸਰਜਨ ਬਠਿੰਡਾ ਨੇ ਜਿਲ੍ਹਾ ਵਾਸੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯੋਗ ਵਿਅਕਤੀ ਘਰ ਦੇ ਨੇੜੇ ਚੱਲ ਰਹੇ ਟੀਕਾਕਰਨ ਸੈਸ਼ਨ ਉਤੇ ਜਾ ਕੇ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਸਰਕਾਰੀ ਸਿਹਤ ਕੇਂਦਰਾਂ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਸਹਿਯੋਗ ਨਾਲ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।ਹੁਣ ਪਹਿਲਾਂ ਦੇ ਮੁਕਾਬਲੇ ਲੋਕ ਬੜੇ ਉਤਸ਼ਾਹ ਨਾਲ ਟੀਕਾਕਰਨ ਕਰਵਾਉਣ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਰੋਨਾ ਦੇ ਲੱਛਣ ਨਜ਼ਰ ਆਉਣ ਜਾਂ ਕਿਸੇ ਪੋਜ਼ਟਿਵ ਵਿਅਕਤੀ ਦੇ ਸੰਪਰਕ ਵਿਚ ਆਇਆ ਹੋਵੇ ਤਾਂ ਕੋਰੋਨਾ ਟੈਸਟ ਜ਼ਰੂਰ ਕਰਵਾਇਆ ਜਾਵੇ।