ਸੰਜੀਵ ਸੂਦ
- ਸਨਅਤਕਾਰਾਂ ਨੇ ਕਿਹਾ ਜੇ ਲੱਗ ਗਿਆ ਲਾਕਡਾਊਨ ਤਾਂ ਨਹੀਂ ਦਵਾਂਗੇ ਲੇਬਰ ਨੂੰ ਤਨਖਾਹ
ਲੁਧਿਆਣਾ, 22 ਅਪ੍ਰੈਲ 2021 - ਪਿਛਲੇ ਸਾਲ ਦੀ ਤਰ੍ਹਾਂ ਲਾਕਡਾਊਨ ਤੋਂ ਡਰਦੀ ਲੁਧਿਆਣਾ ਦੇ ਵਿੱਚ ਲੇਬਰ ਮੁੜ ਤੋਂ ਆਪੋ ਆਪਣੇ ਸੂਬਿਆਂ ਵਿਚ ਪਰਤਣੀ ਸ਼ੁਰੂ ਹੋ ਗਈ ਹੈ। ਜਿਸ ਕਰਕੇ ਫੈਕਟਰੀ ਮਾਲਕਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਫੈਕਟਰੀ ਮਾਲਕਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਲਾਕਡਾਊਨ ਲੱਗ ਗਿਆ ਤਾਂ ਉਹ ਲੇਬਰ ਨੂੰ ਤਨਖਾਹ ਵੀ ਨਹੀਂ ਦੇਣਗੇ। ਉਧਰ ਦੂਜੇ ਪਾਸੇ ਵਿਸ਼ਵਕਰਮਾ ਇੰਡਸਟਰੀ ਦੇ ਡਾਇਰੈਕਟਰ ਨੇ ਕਿਹਾ ਹੈ ਕਿ 20 ਫੀਸਦੀ ਲੇਬਰ ਇੱਥੋਂ ਜਾ ਚੁੱਕੀ ਹੈ ਅਤੇ ਹੋਰ ਵੀ ਜਾਣ ਦੀ ਤਿਆਰੀ 'ਚ ਹੈ। ਦੂਜੇ ਪਾਸੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਲੇਬਰ ਨੂੰ ਅਪੀਲ ਕੀਤੀ ਹੈ ਕਿ ਉਹ ਵਾਪਸ ਨਾ ਜਾਣ, ਇੱਥੇ ਕਿਸੇ ਤਰ੍ਹਾਂ ਦਾ ਕੰਮ ਬੰਦ ਨਹੀਂ ਹੋਵੇਗਾ।
ਲੁਧਿਆਣਾ ਵਿਸ਼ਵਕਰਮਾ ਇੰਡਸਟਰੀ ਦੇ ਡਾਇਰੈਕਟਰ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਕਿਹਾ ਹੈ ਕਿ ਲੁਧਿਆਣਾ ਤੋਂ ਲੇਬਰ ਲਗਾਤਾਰ ਵਾਪਿਸ ਜਾ ਰਹੀ ਹੈ ਕਿਉਂਕਿ ਲੇਬਰ ਸਰਕਾਰ ਦੇ ਪ੍ਰਬੰਧਾਂ ਤੋਂ ਖੁਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਲੇਬਰ ਬੀਤੇ ਸਾਲ ਜੋ ਕੁਝ ਹੋਇਆ, ਉਸ ਤੋਂ ਡਰੀ ਹੋਈ ਹੈ। ਇਸ ਕਰਕੇ ਸਰਕਾਰ ਨੂੰ ਉਨ੍ਹਾਂ ਲਈ ਪ੍ਰਬੰਧ ਕਰਨੇ ਜ਼ਰੂਰੀ ਨੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇੱਕ ਵਾਰ ਲੇਬਰ ਵਾਪਿਸ ਚਲੀ ਗਈ ਤਾਂ ਉਨ੍ਹਾਂ ਨੂੰ ਬੁਲਾਉਣਾ ਬਹੁਤ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਨਅਤਕਾਰ ਲੇਬਰ ਦੀ ਹਰ ਤਰ੍ਹਾਂ ਦੀ ਮੱਦਦ ਕਰਨ ਨੂੰ ਤਿਆਰ ਹੈ। ਪਰ ਸਰਕਾਰ ਨੂੰ ਵੀ ਸਾਥ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਾਈਕਲ ਇੰਡਸਟਰੀ ਕੋਰੋਨਾ ਦੌਰਾਨ ਵੀ ਕਾਫ਼ੀ ਪ੍ਰਫੁੱਲਤ ਹੋਈ ਹੈ। ਇਸ ਕਰਕੇ ਆਰਡਰ ਪੂਰੇ ਕਰਨ ਲਈ ਉਨ੍ਹਾਂ ਨੂੰ ਲੇਬਰ ਦੀ ਬਹੁਤ ਲੋੜ ਹੈ, ਜਦੋਂ ਕਿ ਉੱਧਰ ਦੂਜੇ ਪਾਸੇ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀ ਐਸ ਚਾਵਲਾ ਨੇ ਕਿਹਾ ਹੈ ਕਿ ਲੇਬਰ ਦੀ ਜੇਕਰ ਸਮੱਸਿਆ ਉਨ੍ਹਾਂ ਨੂੰ ਆਈ ਤਾਂ ਫੈਕਟਰੀਆਂ ਬੰਦ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਲੇਬਰ ਦਾ ਟੀਕਾਕਰਨ ਸ਼ੁਰੂ ਹੋਵੇ। ਜੇਕਰ ਇਸ ਵਾਰ ਲਾਕਡਾਊਨ ਲੱਗ ਗਿਆ ਤਾਂ ਉਹ ਤਨਖਾਹਾਂ ਵੀ ਲੇਬਰ ਨੂੰ ਨਹੀਂ ਦੇ ਸਕਣਗੇ।
ਉੱਧਰ ਦੂਜੇ ਪਾਸੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਵੀ ਪਰਵਾਸੀ ਮਜ਼ਦੂਰਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਵਾਪਸ ਨਾ ਜਾਣ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਕੰਮਕਾਰ ਬੰਦ ਨਹੀਂ ਹੋਵੇਗਾ ਅਤੇ ਪ੍ਰਸ਼ਾਸਨ ਅਤੇ ਸਨਅਤ ਉਨ੍ਹਾਂ ਦਾ ਸਾਥ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ ਲੇਬਰ ਦੇ ਵਿੱਚ ਵਿਸ਼ਵਾਸ ਅਧੀਨ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦੇ ਉਨ੍ਹਾਂ ਇਹ ਵੀ ਕਿਹਾ ਕਿ ਪਰਵਾਸੀ ਇਸ ਤਰ੍ਹਾਂ ਨਾ ਕਰਨ ਉਹ ਆਪਣਾ ਪੈਸਾ ਅਤੇ ਸਮਾਂ ਦੋਵੇਂ ਖ਼ਰਾਬ ਕਰ ਰਹੇ ਹਨ।