- ਲੋੜਾਂ ਪੂਰੀਆਂ ਕਰਨ ਲਈ ਆਕਸੀਜਨ ਕੰਸਨਟਰੇਟਰ ਦੀ ਵਰਤੋਂ ਕਰਨ ਲਈ ਵੀ ਕਿਹਾ
- ਕਿਹਾ, ਆਕਸੀਜਨ ਦੀ ਕਾਲਾਬਾਜ਼ਾਰੀ ਕਰਨ 'ਤੇ ਕੀਤੀ ਜਾਵੇਗੀ ਐਫ.ਆਈ.ਆਰ. ਦਰਜ
ਜਲੰਧਰ, 21 ਅਪ੍ਰੈਲ 2021 - ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕੋਵਿਡ -19 ਦੇ ਮਰੀਜ਼ਾਂ ਲਈ ਸਮੁੱਚੀਆਂ ਸਿਹਤ ਸੰਭਾਲ ਸੰਸਥਾਵਾਂ ਨੂੰ ਆਪਣੀ ਬੈੱਡਾਂ ਦੀ ਸਮਰੱਥਾ ਦਾ ਘੱਟੋ-ਘੱਟ 75 ਫੀਸਦੀ ਰਾਖਵਾਂ ਰੱਖਣ ਦੀ ਅਪੀਲ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੇਸਾਂ ਵਿੱਚ ਵਾਧੇ ਦੌਰਾਨ ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਨਾ ਹੋਵੇ ।
ਮੁੱਖ ਸਕੱਤਰ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਕੋਵਿਡ -19 ਸਮੀਖਿਆ ਬੈਠਕ ਵਿਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਮੁੱਖ ਸਕੱਤਰ ਨੂੰ ਵਾਇਰਸ ਦੀ ਰੋਕਥਾਮ ਲਈ ਪ੍ਰਸ਼ਾਸਨ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣੂੰ ਕਰਵਾਇਆ । ਉਨ੍ਹਾਂ ਕਿਹਾ ਕਿ ਕੋਵਿਡ -19 ਮਾਮਲਿਆਂ ਨਾਲ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਮੁੱਚੇ ਪ੍ਰਾਈਵੇਟ ਹਸਪਤਾਲਾਂ ਨੂੰ ਆਪਣੇ-ਆਪਣੇ ਹਸਪਤਾਲਾਂ ਵਿੱਚ ਕੁੱਲ ਬੈੱਡਾਂ ਦੀ ਸਮਰੱਥਾ ਦਾ 75 ਫ਼ੀਸਦੀ ਰਾਖਵਾਂ ਰੱਖਣ ਲਈ ਕਿਹਾ ਜਾ ਰਿਹਾ ਹੈ ਅਤੇ ਚੋਣਵੀਆਂ ਸਰਜਰੀਆਂ ਨੂੰ ਪਹਿਲਾਂ ਹੀ ਅਗਲੇ ਹੁਕਮਾਂ ਤੱਕ ਬੰਦ ਰੱਖਣ ਲਈ ਕਿਹਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਸਮੁੱਚੇ ਹਸਪਤਾਲਾਂ ਨੂੰ ਮਹਾਂਮਾਰੀ ਦੌਰਾਨ ਜੀਵਨ ਰੱਖਿਅਕ ਗੈਸ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਆਕਸੀਜਨ ਕੰਸਨਟਰੇਟਰ ਦੀ ਵਰਤੋਂ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਇਹ ਕੰਸਨਟਰੇਟਰ ਹਸਪਤਾਲਾਂ ਵਿੱਚ ਘੱਟ ਗੰਭੀਰ ਮਰੀਜ਼ਾਂ ਲਈ ਆਕਸੀਜਨ ਦੀ ਢੁੱਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣਗੇ, ਜਿਸ ਨਾਲ ਉਨ੍ਹਾਂ ਨੂੰ ਆਪਣੀ ਆਕਸੀਜਨ ਦੀ ਸਮਰੱਥਾ ਵਿੱਚ ਵਾਧਾ ਕਰਨ ਵਿੱਚ ਮਦਦ ਮਿਲੇਗੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਓਪੀਡੀ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਵੱਧ ਤੋਂ ਵੱਧ ਟੈਸਟਿੰਗ ਅਤੇ ਵੈਕਸੀਨੇਸ਼ਨ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਕਿਉਂਕਿ ਇਨ੍ਹਾਂ ਥਾਵਾਂ 'ਤੇ ਵੱਡੀ ਗਿਣਤੀ ਵਿਚ ਸੰਭਾਵੀ ਵਾਇਰਸ ਕੈਰੀਅਰਾਂ ਦਾ ਪਤਾ ਲਗਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਅੱਜ ਇੱਕ ਆਦੇਸ਼ ਵਿੱਚ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਿਰਫ਼ ਹਸਪਤਾਲ ਨੂੰ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਹਸਪਤਾਲਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਤੋਂ ਬਾਅਦ ਆਕਸੀਜਨ ਦੀ ਉਪਲਬਧਤਾ ਹੁੰਦੀ ਹੈ ਤਾਂ ਹੀ ਉਦਯੋਗਾਂ ਨੂੰ ਸਪਲਾਈ ਕੀਤੀ ਜਾਵੇਗੀ ਉਹ ਵੀ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਦਰਬਾਰਾ ਸਿੰਘ ਦੀ ਲਿਖਤੀ ਪ੍ਰਵਾਨਗੀ ਨਾਲ। ਉਨ੍ਹਾਂ ਸਪਸ਼ਟ ਤੌਰ 'ਤੇ ਕਿਹਾ ਕਿ ਜੇਕਰ ਜ਼ਿਲ੍ਹੇ ਵਿੱਚ ਆਕਸੀਜਨ ਗੈਸ ਦੀ ਕੋਈ ਕਾਲਾਬਾਜ਼ਾਰੀ ਹੁੰਦੀ ਹੈ ਤਾਂ ਇਸ ਜੁਰਮ ਦੇ ਦੋਸ਼ੀਆਂ ਖਿਲਾਫ਼ ਐਫ.ਆਈ.ਆਰ. ਦਰਜ ਕੀਤੀ ਜਾਵੇਗੀ।
ਇਸ ਮੌਕੇ ਐਸ.ਐਸ.ਪੀ. ਡਾ. ਸੰਦੀਪ ਗਰਗ, ਏ.ਡੀ.ਸੀ. ਵਿਸ਼ੇਸ਼ ਸਾਰੰਗਲ ਤੇ ਜਸਬੀਰ ਸਿੰਘ, ਡੀ.ਆਈ.ਓ. ਰਾਕੇਸ਼ ਚੋਪੜਾ ਅਤੇ ਹੋਰ ਮੌਜੂਦ ਸਨ।