ਅਸ਼ੋਕ ਵਰਮਾ
ਬਠਿੰਡਾ,21 ਅਪਰੈਲ2021:ਬਠਿੰਡਾ ਪੁਲਿਸ ਨੇ ਸਿਵਲ ਲਾਈਨਜ਼ ਕਲੱਬ ਬਠਿੰਡਾ ’ਚ ਕਰੋਨਾ ਵਾਇਰਸ ਸਬੰਧੀ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਕਲੱਬ ਦੇ ਮੈਨੇਜਰ, ਕੈਟਰਰ ਅਤੇ ਮੇਜ਼ਬਾਨਾਂ ਖਿਲਾਫ ਇੱਕ ਪ੍ਰੋਗਰਾਮ (ਕੁੜਮਾਈ ਸਬੰਧੀ) ਵਿੱਚ 20 ਤੋਂ ਵੱਧ ਮਹਿਮਾਨਾਂ ਵਾਲੀ ਪਾਰਟੀ ਦਾ ਪ੍ਰਬੰਧ ਕਰਨ ਨੂੰ ਲੈਕੇ 8 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਥਾਣਾ ਸਿਵਲ ਲਾਈਨ ਪੁਲਿਸ ਨੇ ਮਨਦੀਪ ਕੁਮਾਰ ਵਾਸੀ ਅਜੀਤ ਰੋਡ, ਬਠਿੰਡਾ ,ਨੀਨਾ ਮਹਿਤਾ ਪਤਨੀ ਮਨਦੀਪ ਕੁਮਾਰ ,ਰਮੇਸ਼ ਕੁਮਾਰ ਵਾਸੀ ਰਾਮਪੁਰਾ ਫੂਲ,ਰਵੀ ਕੁਮਾਰ ਵਾਸੀ ਵਿਸ਼ਾਲ ਨਗਰ ਬਠਿੰਡਾ, ਸੁਰੇਸ਼ ਕੁਮਾਰ ਗਰਗ ਵਾਸੀ ਧੂਰੀ, ਹਤਿੰਦਰ ਸਿੰਗਲਾ ਵਾਸੀ ਬਸੰਤ ਵਿਹਾਰ ਬਠਿੰਡਾ , ਜਗਰਾਜ ਸਿੰਘ ਵਾਸੀ ਅਕਲੀਆ ਕਲਾਂ, ਜਿਲ੍ਹਾ ਬਠਿੰਡਾ ਅਤੇ ਅਮਨਦੀਪ ਵਾਸੀ ਗੁਰੂ ਕੀ ਨਗਰੀ ਬਠਿੰਡਾ ਨੂੰ ਆਈ ਪੀ ਸੀ ਦੀ ਧਾਰਾ 188,269,270 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਕੇਸ ਨਾਮਜਦ ਕੀਤਾ ਹੈ ਜਦੋਂਕਿ ਕੁੱਝ ਅਣਪਛਾਤੇ ਵੀ ਸ਼ਾਮਲ ਕੀਤੇ ਗਏ ਹਨ ਜਿੰਨ੍ਹਾਂ ਦੀ ਪਛਾਣ ਹੋਣਾ ਬਾਕੀ ਹੈ। ਥਾਣਾ ਸਿਵਲ ਲਾਈਨ ਦੇ ਮੁੱਖ ਥਾਣਾ ਅਫਸਰ ਰਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਮੁਲਜਮਾਂ ਵੱਲੋਂ ਨਿਯਮਾਂ ਦੇ ਉਲਟ 20 ਤੋਂ ਜਿਆਦਾ ਬੰਦਿਆਂ ਦਾ ਇਕੱਠ ਰੱਖਿਆ ਹੋਇਆ ਸੀ ਜਿਸ ਨੂੰ ਲੈਕੇ ਸੂਚਨਾ ਮਿਲਣ ਤੇ ਪੁਲਿਸ ਨੇ ਛਾਪਾ ਮਾਰਿਆ ਸੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਕੋਲ ਕੋਈ ਪ੍ਰਵਾਨਗੀ ਵੀ ਨਹੀਂ ਸੀ ਜਦੋਂਕਿ ਡਿਪਟੀ ਕਮਿਸ਼ਨਰ ਤੋਂ ਮਨਜੂਰੀ ਲੈਣੀ ਹੁੰਦੀ ਹੈ।