- ਨਿਰਧਾਰਤ ਸੀਮਾ ਨਾਲੋਂ ਵੱਧ ਵਿਅਕਤੀ ਇਕੱਠੇ ਕਰਨ ਅਤੇ ਰਾਤ ਦੇ ਕਰਫਿਊ ਦੇ ਸਮੇਂ ਦੀ ਉਲੰਘਣਾ ਕਰਨ ਵਾਲੇ 189 ਦੁਕਾਨਾਂ, ਢਾਬਿਆਂ, ਅਹਾਤਿਆਂ, ਹੋਟਲਾਂ, ਰੈਸਟੋਰੈਂਟਾਂ ਅਤੇ ਕਲੱਬਾਂ ਦੇ ਮਾਲਕਾਂ ਵਿਰੁੱਧ ਮਾਮਲਾ ਦਰਜ
- ਸੂਬੇ ਵਿੱਚ ਫੇਸ ਮਾਸਕ ਮੁਹਿੰਮ ਲਾਗੂੂ ਹੋਣ ਤੋਂ ਇੱਕ ਮਹੀਨਾ ਪਿੱਛੋਂ 4.1 ਲੱਖ ਵਿਅਕਤੀਆਂ ਦੀ ਕੀਤੀ ਗਈ ਕੋਵਿਡ-19 ਜਾਂਚ , 71422 ਦੇ ਕੀਤੇ ਚਲਾਨ
- ਡੀ.ਜੀ.ਪੀ. ਨੇ ਲੋਕਾਂ ਨੂੰ ਆਪਣੀ ਅਤੇ ਹੋਰਾਂ ਦੀ ਸੁਰੱਖਿਆ ਲਈ ਕੋਵਿਡ-19 ਸਬੰਧੀ ਪਾਬੰਦੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ, ਕਰਫਿਊ ਸਮਾਂ, ਸਿਰਫ ਲੋੜ ਪੈਣ ’ਤੇ ਘਰੋਂ ਬਾਹਰ ਜਾਣ ਅਤੇ ਮਾਸਕ ਪਹਿਨ ਕੇ ਹੀ ਘਰੋਂ ਬਾਹਰ ਨਿੱਕਲਣ ਲਈ ਕੀਤੀ ਅਪੀਲ
ਚੰਡੀਗੜ੍ਹ, 21 ਅਪ੍ਰੈਲ 2021 - ਪੰਜਾਬ ਸਰਕਾਰ ਵਲੋਂ ਕੋਵਿਡ -19 ਮਾਮਲਿਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਮੱਦੇਨਜ਼ਰ ਨਵੀਂ ਪਾਬੰਦੀਆਂ ਦੇ ਆਦੇਸ਼ ਦਿੱਤੇ ਜਾਣ ਦੇ ਨਾਲ ਪੰਜਾਬ ਪੁਲਿਸ ਨਵੀਆਂ ਘੋਸ਼ਿਤ ਕੀਤਆਂ ਵੱਖ-ਵੱਖ ਪਾਬੰਦੀਆਂ ਜਿਵੇਂ ਰਾਤ ਦੇ ਕਰਫਿਊ ਅਤੇ ਜਨਤਕ ਥਾਵਾਂ ਅਤੇ ਘਰਾਂ ਵਿਚ ਇਕੱਠ ਕਰਨ ਲਈ ਗਿਣਤੀ ਸੀਮਾ ਤੈਅ ਕਰਨ ਵਿੱਚ ਡੱਟ ਗਈ ਹੈ।
ਪੁਲਿਸ ਨੇ ਪਿਛਲੇ 24 ਘੰਟਿਆਂ ਦੌਰਾਨ ਸੂਬੇ ਭਰ ਵਿੱਚ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤਕਰੀਬਨ 130 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਰਾਤ ਦੇ ਕਰਫਿਊ ਦਾ ਸਮਾਂ ਇੱਕ ਘੰਟਾ (ਸਾਮ 8 ਵਜੇ ਤੋਂ 5 ਵਜੇ) ਵਧਾਉਣ, ਸਾਰੇ, ਸਿਨੇਮਾ ਘਰਾਂ, ਬਾਰ ,ਜਿੰਮ, ਸਪਾ, ਕੋਚਿੰਗ ਸੈਂਟਰਾਂ, ਸਪੋਰਟਸ ਕੰਪਲੈਕਸਾਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਰੈਸਟੋਰੈਂਟ ਅਤੇ ਹੋਟਲ ਸੋਮਵਾਰ ਤੋਂ ਸ਼ਨੀਵਾਰ ਤੱਕ ਸਿਰਫ ਟੇਕਅਵੇਅ ਅਤੇ ਹੋਮ ਡਿਲਿਵਰੀ ਲਈ ਖੋਲੇ ਜਾ ਸਕਣਗੇ ਜਦਕਿ 20 ਤੋਂ ਜਿਆਦਾ ਵਿਅਕਤੀਆਂ ਦੇ ਇਕੱਠ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਵਿੱਚ ਵਿਆਹ / ਅੰਤਿਮ ਸਸਕਾਰ ਵੀ ਸ਼ਾਮਲ ਹਨ। ਮੁੱਖ ਮੰਤਰੀ ਵਲੋਂ ਪੰਜਾਬ ਪੁਲਿਸ ਨੂੰ ਹਦਾਇਤ ਕੀਤੀ ਸੀ ਕਿ ਪਾਬੰਦੀਆਂ ਸਖਤੀ ਨਾਲ ਲਾਗੂ ਕੀਤੀਆਂ ਜਾਣ।
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ 18 ਅਪ੍ਰੈਲ, 2021 ਤੋਂ ਰਾਤ ਦੇ ਕਰਫਿਊ ਸਮੇਂ ਅਤੇ ਇਕੱਠ ਦੀ ਸੀਮਾ ਦੀ ਉਲੰਘਣਾ ਕਰਨ ਵਾਲੇ ਮੈਰਿਜ ਪੈਲੇਸਾਂ, ਮਾਲਜ਼, ਹੋਟਲਾਂ, ਰੈਸਟੋਰੈਂਟਾਂ ਆਦਿ ਦੇ ਲਗਭਗ 189 ਮਾਲਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਪ੍ਰਮੁੱਖ ਅਦਾਰਿਆਂ ਵਿਰੁੱਧ ਕਾਰਵਾਈ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਬਠਿੰਡਾ ਪੁਲਿਸ ਵਲੋਂ ਸਿਵਲ ਲਾਈਨਜ਼ ਕਲੱਬ ਬਠਿੰਡਾ ਦੇ ਮੈਨੇਜਰ, ਕੈਟਰਰ ਅਤੇ ਮੇਜ਼ਬਾਨਾਂ ਖਿਲਾਫ ਇੱਕ ਪ੍ਰੋਗਰਾਮ (ਕੁੜਮਾਈ ਸਬੰਧੀ) ਵਿੱਚ 20 ਤੋਂ ਵੱਧ ਮਹਿਮਾਨਾਂ ਵਾਲੀ ਪਾਰਟੀ ਦਾ ਪ੍ਰਬੰਧ ਕਰਨ ਲਈ ਆਈਪੀਸੀ ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਦਕਿ ਤਰਨ ਤਾਰਨ ਪੁਲਿਸ ਨੇ ਹੋਟਲ ਸਨਸਟਾਰ ਦੇ ਮਾਲਕਾਂ ਵਿਰੁੱਧ ਕੋਵਿਡ-19 ਨਿਯਮਾਂ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਹੈ। ਹਾਲ ਹੀ ਵਿੱਚ ਐਸ.ਏ.ਐਸ.ਨਗਰ ਪੁਲਿਸ ਨੇ ਢਕੋਲੀ ਵਿੱਚ ਇੱਕ ਹੋਟਲ ਮਾਲਕ ਸਣੇ 9 ਲੋਕਾਂ ਨੂੰ ਜਿਆਦਾ ਇਕੱਠ ਵਾਲੀ ਰੂਫ ਪਾਰਟੀ ਦਾ ਗ੍ਰੈਂਡ ਸੂਟਜ ਹੋਟਲ ਵਿੱਚ ਆਯੋਜਨ ਕਰਨ ਲਈ ਗਿ੍ਰਫਤਾਰ ਕੀਤਾ ਸੀ ਅਤੇ ਏ.ਕੇ.ਐਮ. ਮੈਰਿਜ ਪੈਲੇਸ ਦੇ ਮਾਲਕ ਉੱਤੇ ਵੀ 20 ਨਾਲੋਂ ਵੱਧ ਮਹਿਮਾਨਾਂ ਦਾ ਇਕੱਠ ਕਰਕੇ ਕੋਵਿਡ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ।
ਇਸੇ ਤਰਾਂ ਬਰਨਾਲਾ ਵਿੱਚ ਪਾਮ ਪਲਾਜ਼ਾ ਦੇ ਮਾਲਕ ਨੂੰ 10000 ਰੁਪਏ , ਫਾਜਿਲਕਾ ਦੇ ਆਰਬਿਟ ਰਿਜ਼ਾਰਟ ਨੂੰ 5000 ਰੁਪਏ ਦਾ ਜੁਰਮਾਨਾ ਅਤੇ ਅਬੋਹਰ ਵਿੱਚ ਸੰਗਮ ਪੈਲੇਸ ਵਿੱਚ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ 10000 ਰੁਪਏ ਦਾ ਚਲਾਨ ਕੀਤਾ ਗਿਆ ਅਤੇ ਉਕਤ ਹੋਟਲਾਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਉੱਤੇ ਵੀ ਮੁਕਦਮਾ ਦਰਜ ਕਰਕੇ ਜਲਦੀ ਹੀ ਗਿ੍ਰਫਤਾਰ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪਟਿਆਲਾ ਪੁਲਿਸ ਨੇ ਪਿਛਲੇ 24 ਘੰਟਿਆਂ ਦੌਰਾਨ 45 ਐਫ.ਆਈ.ਆਰਜ਼. ਦਰਜ ਕੀਤੀਆਂ ਹਨ, ਜਿਸ ਵਿੱਚ ਦੁਕਾਨ ਮਾਲਕਾਂ ਵਿਰੁੱਧ 35, ਰੈਸਟੋਰੈਂਟਾਂ ਵਿਰੁੱਧ 5, ਢਾਬਿਆਂ ਵਿਰੁੱਧ 4 ਅਤੇ ਪ੍ਰਦਰਸ਼ਨ ਕਰਨ ਵਾਲਿਆਂ ਵਿਰੁੱਧ ਪ੍ਰਦਰਸ਼ਨ ਕਰਨ ਵਾਲਿਆਂ ਵਿਰੁੱਧ 1 ਐਫ.ਆਈ.ਆਰ. ਸ਼ਾਮਲ ਹੈ। ਇਸ ਤੋਂ ਇਲਾਵਾ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ 17 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।
ਡੀਜੀਪੀ ਨੇ ਕਿਹਾ ਕਿ ਸੁਰੱਖਿਆ ਪਰੋਟੋਕਾਲਾਂ ਅਤੇ ਕੋਵਿਡ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਦੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਪਿਛਲੇ 24 ਘੰਟਿਆਂ ਦੌਰਾਨ 20241 ਤੋਂ ਵੱਧ ਫੇਸ ਮਾਸਕ ਨਾ ਪਾਉਣ ਵਾਲਿਆਂ ਦਾ ਆਰ.ਟੀ-ਪੀ.ਸੀ.ਆਰ ਟੈਸਟ ਕਰਵਾਇਆ ਅਤੇ 2199 ਲੋਕਾਂ ਦੇ ਚਲਾਨ ਵੀ ਕੀਤੇ । ਂ ਇਹ ਵਿਸ਼ੇਸ਼ ਮੁਹਿੰਮ ਜੋ ਕਿ 19 ਮਾਰਚ, 2021 ਤੋਂ ਸ਼ੁਰੂ ਕੀਤੀ ਗਈ ਸੀ, ਤਹਿਤ ਪੰਜਾਬ ਪੁਲਿਸ ਨੇ ਹੁਣ ਤੱਕ 4.1 ਲੱਖ ਤੋ ਵਧੇਰੇ ਲੋਕਾਂ ਦੇ ਕੋਵਿਡ -19 ਟੈਸਟ ਕਰਵਾਏ ਅਤੇ ਇਸ ਤੋਂ ਇਲਾਵਾ ਰਾਜ ਭਰ ਵਿੱਚ 71422 ਲੋਕਾਂ ਨੂੰ ਫੇਸ ਮਾਸਕ ਨਾ ਪਹਿਨਣ ‘ਤੇ ਜੁਰਮਾਨਾ ਵੀ ਕੀਤਾ ਹੈ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਮੈਰਿਜ ਪੈਲੇਸਾਂ, ਹੋਟਲਾਂ, ਮਾਂਲਾਂ ਆਦਿ ਵਿੱਚ ਵਾਧੂ ਇਕੱਠਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 400 ਦੇ ਕਰੀਬ ਵਿਸ਼ੇਸ਼ ਨਾਕੇ ਲਗਾਏ ਹਨ। ਉਨਾਂ ਕਿਹਾ ਕਿ ਸਮਾਜਿਕ ਅਤੇ ਹੋਰ ਇਕੱਠਾਂ ਨਾਲ ਸਬੰਧਤ 20 ਅਤੇ 10 ਦੀ ਗਿਣਤੀ ਸੀਮਾ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪੁਲਿਸ ਜੀਰੋ ਟਾਲਰੈਂਸ ਨੀਤੀ ਅਪਣਾਈ ਗਈ।
ਲੋਕਾਂ ਨੂੰ ਸੁਰੱਖਿਆ ਪ੍ਰੋਟੋਕੋਲ, ਕਰਫਿਊ ਦੀਆਂ ਪਾਬੰਦੀਆਂ ਅਤੇ ਸਮੇਂ ਦਾ ਸਖਤੀ ਨਾਲ ਪਾਲਣਾ ਕਰਨ ਅਤੇ ਆਪਣੇ ਚਿਹਰੇ ’ਤੇੇ ਮਾਸਕ ਪਹਿਨ ਕੇ ਘਰੋਂ ਬਾਹਰ ਜਾਣ ਦੀ ਅਪੀਲ ਕਰਦਿਆਂ ਡੀ.ਜੀ.ਪੀ ਨੇ ਦੁਹਰਾਇਆ ਕਿ ਕੋਵਿਡ ਟੈਸਟਿੰਗ ਅਤੇ ਚਲਾਨਿੰਗ ਮੁਹਿੰਮ ਪੰਜਾਬ ਦੇ ਲੋਕਾਂ ਨੂੰ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਅੱਗੇ ਵੀ ਜਾਰੀ ਰਹੇਗੀ।
ਉਨਾਂ ਨੇ ਅੱਗੇ ਦੱਸਿਆ ਕਿ ਛੇਤੀ ਹੀ ਸਾਰੇ ਜਿਲਿਆਂ ਵਿੱਚ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਓਪਨ ਏਅਰ ਜੇਲਾਂ ਵੀ ਸਥਾਪਤ ਕੀਤੀਆਂ ਜਾ ਰਹੀਆਂ ਹਨ।
ਇਸ ਦੌਰਾਨ ਡੀਜੀਪੀ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕੋਵਿਡ -19 ਸਬੰਧੀ ਅਫਵਾਹਾਂ ਅਤੇ ਜਾਅਲੀ ਪੋਸਟਾਂ ਫੈਲਾ ਕੇ ਦਹਿਸ਼ਤ ਫੈਲਾਉਣ ਵਾਲੇ ਤੱਤਾਂ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ।