ਹਰੀਸ਼ ਕਾਲੜਾ
- 350 ਪੁਲਿਸ ਅਧਿਕਾਰੀ/ਕਰਮਚਾਰੀ ਕੋਵਿਡ-19 ਸਬੰਧੀ ਡਿਊਟੀ ਤੇ ਤਾਇਨਾਤ ਕੀਤੇ ਗਏ
ਰੂਪਨਗਰ, 21 ਅਪ੍ਰੈਲ 2021: ਕੋਵਿਡ-19 ਸਬੰਧੀ ਪੰਜਾਬ ਸਰਕਾਰ ਵਲੋ ਜਾਰੀ ਨਵੀਆਂ ਹਦਾਇਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਮੂਹ ਮੁੱਖ ਅਫਸਰ ਥਾਣਾ ਵਲੋ ਜਿਲ੍ਹਾ ਦੇ ਮੈਰਿਜ਼ ਪੈਲਸਾ ਅਤੇ ਸ਼ਮਸ਼ਾਨ ਘਾਟਾਂ ਦੀ ਚੈਕਿੰਗ ਕੀਤੀ ਗਈ ਤਾਂ ਜੋ ਕਿਸੇ ਵੀ ਜਗ੍ਹਾ 20 ਤੋ ਵੱਧ ਵਿਅਕਤੀ ਇੱਕਠੇ ਨਾ ਹੋਣ।ਇਹ ਜਾਣਕਾਰੀ ਦਿੰਦਿਆਂ ਸ਼੍ਰੀ ਅਖਿਲ ਚੌਧਰੀ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਦੱਸਿਆ ਕਿ ਜਿਲ੍ਹਾ ਦੇ ਸਮੁਹ ਮੁੱਖ ਅਫਸਰਾਨ ਥਾਣਾ ਵਲੋ ਪਿੰਡਾ ਦੀਆਂ ਪੰਚਾਇਤਾ ਨਾਲ ਮਿਲ ਕੇ ਰੈਜੁਲੇਸ਼ਨ ਪਾਸ ਕੀਤੇ ਜਾ ਰਹੇ ਹਨ ਕਿ ਕੋਈ ਵੀ ਵਿਅਕਤੀ ਬਿਨਾਂ ਮਾਸਕ ਦੇ ਨਾ ਤਾਂ ਪਿੰਡ ਵਿੱਚ ਆਵੇਗਾ ਅਤੇ ਨਾ ਹੀ ਪਿੰਡ ਤੋ ਬਾਹਰ ਜਾਵੇਗਾ।
ਜ਼ਿਲ੍ਹਾ ਦੇ ਸਮੂਹ ਡੀ.ਐਸ.ਪੀ. ਸਬ-ਡਵੀਜਨਜ਼ ਵਲੋ ਐਮ.ਸੀਜ਼. ਅਤੇ ਵਪਾਰ ਮੰਡਲਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਕੋਵਿਡ-19 ਦੇ ਨਵੇਂ ਨਿਰਦੇਸ਼ਾਂ ਨੂੰ ਲਾਗੂ ਕਰਨ ਵਿੱਚ ਉਨ੍ਹਾਂ ਦਾ ਸਹਿਯੋਗ ਮੰਗਿਆ ਗਿਆ ਅਤੇ ਉਨ੍ਹਾਂ ਨੂੰ ਬਜਾਰਾਂ ਅਤੇ ਇਲਾਕਿਆਂ ਲਈ ਕੋਵਿਡ ਮਾਨੀਟਰਾਂ ਦੀ ਨਿਯੁਕਤੀ ਕਰਨ ਲਈ ਕਿਹਾ ਗਿਆ ਤਾਂ ਜੋ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਸਮੇਂ ਸਿਰ ਜਾਣਕਾਰੀ ਮਿਲ ਸਕੇ ਤੇ ਸਮੇਂ ਸਿਰ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਪਬਲਿਕ ਐਡਰੇਸ ਸਿਸਟਮ ਅਤੇ ਸਪੈਸ਼ਲ ਤੋਰ ਤੇ ਤਿਆਰ ਕੀਤੇ ਗਏ ਪੰਫਲੈਟ ਵੰਡ ਕੇ ਲੋਕਾਂ ਨੂੰ ਕੋਵਿਡ-19 ਦੀਆਂ ਨਵੀਆਂ ਹਦਾਇਤਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਵਲੋ ਢਾਬਿਆਂ, ਰੈਸਟੋਰੈਂਟਾਂ, ਬਾਜ਼ਾਰਾਂ, ਮੰਡੀਆਂ ਵਿਚ ਜਾਕੇ ਚੈਕਿੰਗ ਵੀ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪੁਲਿਸ ਵਲੋ ਗਸ਼ਤ ਕਰਨ ਵਾਲੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਅਤੇ ਕਰੀਬ 350 ਪੁਲਿਸ ਅਧਿਕਾਰੀ/ਕਰਮਚਾਰੀ ਕੋਵਿਡ-19 ਸਬੰਧੀ ਡਿਊਟੀ ਪਰ ਤਾਇਨਾਤ ਕੀਤੇ ਗਏ ਹਨ, ਜੋ ਸਰਕਾਰ ਵਲੋ ਜਾਰੀ ਨਵੀਆਂ ਹਦਾਇਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ 24 ਘੰਟੇ ਕੰਮ ਕਰ ਰਹੇ ਹਨ। ਜਿਲ੍ਹਾ ਪੁਲਿਸ ਵਲੋ ਪਬਲਿਕ ਨੂੰ ਮਾਸਕ ਵੰਡੇ ਜਾ ਰਹੇ ਹਨ ਅਤੇ ਨਾਕਿਆਂ ਵਿਖੇ ਆਰ.ਟੀ. ਪੀ.ਸੀ.ਆਰ. ਟੈਸਟ ਵੀ ਕਰਵਾਏ ਜਾ ਰਹੇ ਹਨ। ਜਿਲ੍ਹਾ ਪੁਲਿਸ ਵਲੋ ਪਿਛਲੇ ਦੋ ਦਿਨਾਂ ਵਿੱਚ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਵੱਖ-ਵੱਖ ਥਾਣਿਆ ਵਿੱਚ ਕੁੱਲ 5 ਮੁਕੱਦਮੇ ਦਰਜ ਰਜਿਟਰ ਕਰਕੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅਨੰਦਪੁਰ ਸਾਹਿਬ ਵਿਖੇ ਦਸ਼ਮੇਸ਼ ਇੰਸਟੀਟਿਊਟ ਦੇ ਮਾਲਕਾਂ ਵਲੋ ਹਦਾਇਤਾਂ ਦੀ ਉਲੰਘਣਾ ਕਰਨ ਕਰਕੇ ਉਨ੍ਹਾਂ ਖਿਲਾਫ ਮੁਕੱਦਮਾ ਦਰਜ਼ ਰਜਿਸਟਰ ਕੀਤਾ ਗਿਆ ਤੇ ਨੰਗਲ ਵਿਖੇ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰ ਖਿਲਾਫ ਮੁਕੱਦਮਾ ਦਰਜ਼ ਰਜਿਸਟਰ ਕੀਤਾ ਗਿਆ ਹੈ। ਐਸ.ਐਸ.ਪੀ. ਰੂਪਨਗਰ ਵਲੋ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋ ਕੋਵਿਡ-19 ਸਬੰਧੀ ਜਾਰੀ ਨਵੀਆਂ ਹਦਾਇਤਾਂ ਨੂੰ ਲਾਗੂ ਕਰਨ ਵਿੱਚ ਪੁਲਿਸ ਦਾ ਸਹਿਯੋਗ ਕਰਨ ਤਾਂ ਜੋ ਸਾਰਿਆਂ ਦੀ ਤੰਦਰੁਸਤੀ ਲਈ ਸਿਹਤਮੰਦ ਮਾਹੌਲ ਨੂੰ ਯਕੀਨੀ ਬਣਾਇਆ ਜਾ ਸਕੇ।