ਅਸ਼ੋਕ ਵਰਮਾ
ਬਠਿੰਡਾ,21ਅਪਰੈਲ2021:ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ’ਚ ਕਰੋਨਾ ਦੇ ਮਰੀਜ ਆਉਣ ਤੋਂ ਬਾਅਦ ਪ੍ਰਬੰਧਕਾਂ ਨੇ ਸਿਵਲ ਹਸਪਤਾਲ ਘੁੱਦਾ ਦੇ ਸਹਿਯੋਗ ਨਾਲ ਆਪਣੇ ਫੈਕਲਟੀ ਅਤੇ ਸਟਾਫ ਮੈਂਬਰਾਂ ਲਈ ਕੋਵਿਡ -19 ਟੀਕਾਕਰਣ ਮੁਹਿੰਮ ਚਲਾਈ । ਇਸ ਟੀਕਾਕਰਣ ਮੁਹਿੰਮ ਤਹਿਤ ਲਗਭਗ 200 ਅਧਿਆਪਕਾਂ, ਸਟਾਫ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕੋਰੋਨਾ ਵਾਇਰਸ ਵੈਕਸੀਨ ਦੇ ਟੀਕੇ ਲੁਆਏ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸ਼ਾਦ ਤਿਵਾੜੀ ਨੇ ਕਿਹਾ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਯੂਨੀਵਰਸਿਟੀ ’ਚ ਕੰਮ ਕਰਦੇ ਸਮੂਹ ਸਟਾਫ,ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਮਾਸਕ ਪਹਿਨ ਕੇ ਰੱਖਣ, ਵਾਰ ਵਾਰ ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨਾਗਰਿਕਾਂ ਨੂੰ ਆਪਣੀ ਵਾਰੀ ਅਨੁਸਾਰ ਵੈਕਸੀਨ ਲਗਵਾਉਣ ਦਾ ਸੱਦਾ ਦਿੱਤਾ। ਰਜਿਸਟਰਾਰ ਕੰਵਲਪਾਲ ਸਿੰਘ ਮੁੰਦਰਾ ਨੇ ਸਹਿਯੋਗ ਲਈ ਸਿਵਲ ਹਸਪਤਾਲ ਘੁੱਦਾ ਦੀ ਮੈਡੀਕਲ ਟੀਮ ਦਾ ਧੰਨਵਾਦ ਕੀਤਾ।