ਅਸ਼ੋਕ ਵਰਮਾ
ਬਠਿੰਡਾ, 20ਅਪਰੈਲ2021:ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕੈਪਟਨ ਸਰਕਾਰ ਤੋਂ ਲੋਕਾਂ ਦੇ ਬਿਜਲੀ ਬਿਲ ਅਤੇ ਪ੍ਰਾਪਰਟੀ ਟੈਕਸ ਮੁਆਫ਼ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ, ਤਾਂ ਜੋ ਸੂਬੇ ਦੇ ਲੋਕਾਂ ਨੂੰ ਆਰਥਿਕ ਤੌਰ 'ਤੇ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਇਕ ਪ੍ਰੈਸ ਬਿਆਨ ਵਿਚ ਨੀਲ ਗਰਗ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵੱਲੋਂ ਵੱਖ ਵੱਖ ਸਮੇਂ 'ਤੇ ਲਾਏ ਗਏ ਕਰਫ਼ਿਊ ਅਤੇ ਲੌਕਡਾਉੂਨ ਕਾਰਨ ਲੋਕਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ ਅਤੇ ਬਹੁਤ ਲੋਕ ਆਪਣਾ ਰੁਜ਼ਗਾਰ ਗੁਆ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਹਲਾਤ ਵਿੱਚ ਮੱਧ ਵਰਗੀ ਪਰਿਵਾਰਾਂ ਲਈ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ ਇਸ ਲਈ ਜ਼ਰੂਰੀ ਹੈ ਕਿ ਮੱਧ ਵਰਗੀ ਪਰਿਵਾਰਾਂ ਨੂੰ ਬਿਜਲੀ ਬਿਲਾਂ ਅਤੇ ਪ੍ਰਾਪਰਟੀ ਟੈਕਸ ਸਮੇਤ ਹੋਰ ਵਸੂਲੀਆਂ ਤੋਂ ਰਾਹਤ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਕੁਦਰਤੀ ਤੇ ਗ਼ੈਰ ਕੁਦਰਤੀ ਆਫ਼ਤ ਦੌਰਾਨ ਜੇਕਰ ਸੂਬਾ ਸਰਕਾਰ ਜ਼ਰਾ ਗੰਭੀਰਤਾ ਨਾਲ ਮੱਧ ਵਰਗੀ ਪਰਿਵਾਰਾਂ ਦਾ ਸਾਥ ਦੇਵੇ ਤਾਂ ਜਿੱਥੇ ਇਸ ਮਹਾਂਮਾਰੀ ਨਾਲ ਲੜਨ ਵਿੱਚ ਉਨ੍ਹਾਂ ਦਾ ਹੌਸਲਾ ਵਧੇਗਾ ਉੱਥੇ ਆਰਥਿਕ ਸਹਾਇਤਾ ਵੀ ਹੋਵੇਗੀ।
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਭਾਵੇਂ ਪੰਜਾਬ ਸਰਕਾਰ ਸੂਬੇ ਦੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੂੰਹ ਜਾਣ ਤੋਂ ਬਚਾਉਣ 'ਚ ਨਾਕਾਮ ਸਿੱਧ ਹੋਈ ਹੈ, ਪਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫੌਰੀ ਤੌਰ ਤੇ ਬਿਜਲੀ ਦੇ ਬਿੱਲ, ਪ੍ਰਾਪਰਟੀ ਟੈਕਸ, ਪਾਣੀ ਦੇ ਬਿੱਲ ਸਮੇਤ ਲਾਏ ਜਾਂਦੇ ਹੋਰ ਟੈਕਸਾਂ ਤੋਂ ਇੱਕ ਸਾਲ ਵਾਸਤੇ ਛੋਟ ਦੇਣ ਦਾ ਐਲਾਨ ਕਰਨ। ਨੀਲ ਗਰਗ ਨੇ ਕਿਹਾ ਕਿ ਜਿੱਥੇ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਇਟਲੀ ਸਮੇਤ ਬਹੁਤ ਸਾਰੇ ਵਿਸ਼ਵ ਦੇ ਦੇਸ਼ ਆਪਣੇ ਲੋਕਾਂ ਨੂੰ ਟੈਕਸਾਂ ਵਿੱਚੋਂ ਛੋਟ ਦੇਣ ਦੇ ਨਾਲ ਨਾਲ ਆਰਥਿਕ ਮਦਦ ਵੀ ਪ੍ਰਦਾਨ ਕਰ ਰਹੇ ਹਨ, ਉਥੇ ਹੀ ਦਿੱਲੀ ਪ੍ਰਦੇਸ਼ ਦੀ ਅਰਵਿੰਦ ਕੇਜਰੀਵਾਲ ਸਰਕਾਰ ਲੋਕਾਂ ਨੂੰ ਮੁਫ਼ਤ ਬਿਜਲੀ, ਪਾਣੀ ਦੇਣ ਸਮੇਤ ਹੋਰ ਵੀ ਆਰਥਿਕ ਮਦਦ ਪ੍ਰਦਾਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵੀ ਦੇਸ਼ ਦਾ ਵਿਕਸਤ ਸੂਬਾ ਹੈ ਅਤੇ ਇੱਥੋਂ ਦੀ ਸਰਕਾਰ ਬਹੁਤ ਸਾਰੇ ਟੈਕਸ ਸੂਬੇ ਦੇ ਲੋਕਾਂ ਤੋਂ ਵਸੂਲ ਕਰਦੀ ਹੈ,ਕੋਰੋਨਾ ਦੇ ਕਹਿਰ ਦੇ ਚੱਲਦਿਆਂ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਲੋਕਾਂ ਤੋਂ ਟੈਕਸ ਵਾਸੂਲੀ ਬੰਦ ਕਰੇ ਤਾਂ ਜੋ ਮੱਧ ਵਰਗੀ ਪਰਿਵਾਰ ਬੇਰੁਜ਼ਗਾਰੀ ਦੇ ਆਲਮ ਵਿੱਚ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਣ।