ਸੰਜੀਵ ਸੂਦ
- ਰੋਜ਼ਾਨਾ ਹਜ਼ਾਰਾਂ ਪਰਵਾਸੀ ਜਾ ਰਹੇ ਬੇ ਨਿੱਜੀ ਬੱਸਾਂ 'ਚ ਬਿਹਾਰ ਅਤੇ ਯੂਪੀ
ਲੁਧਿਆਣਾ, 20 ਅਪਰੈਲ 2021 - ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਨੇ, ਜਿਸ ਨੂੰ ਲੈ ਕੇ ਹੁਣ ਪਰਵਾਸੀਆਂ ਦੇ ਵਿਚ ਡਰ ਪੈਦਾ ਹੋ ਗਿਆ ਹੈ। ਦੁਗਰੀ ਦੇ ਵਿਚ ਲਾਕਡਾਊਨ ਲੱਗਣ ਤੋਂ ਬਾਅਦ ਲੁਧਿਆਣਾ ਦੀ ਲੇਬਰ ਲਗਾਤਾਰ ਲੁਧਿਆਣਾ ਤੋਂ ਪਲਾਇਨ ਕਰ ਰਹੀ ਹੈ ਅਤੇ ਯੂਪੀ ਬਿਹਾਰ ਵੱਲ ਜਾ ਰਹੀ ਹੈ। ਲੁਧਿਆਣਾ ਤੋਂ ਨਿੱਜੀ ਟਰਾਂਸਪੋਰਟਰ ਰੋਜ਼ਾਨਾ ਹਜ਼ਾਰਾਂ ਪਰਵਾਸੀਆਂ ਨੂੰ ਯੂਪੀ ਬਿਹਾਰ ਪਹੁੰਚਾ ਰਹੇ ਨੇ, ਲੇਬਰ ਡਰੀ ਹੋਈ ਹੈ ਅਤੇ ਪਿਛਲੇ ਸਾਲ ਕੋਈ ਆਉਣ-ਜਾਣ ਲਈ ਸੁਵਿਧਾ ਨਾ ਮਿਲਣ ਕਰਕੇ ਉਨ੍ਹਾਂ ਦੇ ਮਨਾਂ ਵਿੱਚ ਡਰ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਮੁੜ ਤੋਂ ਲਾਕਡਾਊਨ ਲੱਗਿਆ ਤਾਂ ਉਨ੍ਹਾਂ ਲਈ ਮੁਸ਼ਕਿਲ ਹੋ ਜਾਵੇਗੀ। ਬੀਤੇ ਸਾਲ ਵੀ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕੀਤਾ ਸੀ।
ਸਾਡੀ ਟੀਮ ਵੱਲੋਂ ਲੁਧਿਆਣਾ ਬੱਸ ਸਟੈਂਡ ਦੇ ਨੇੜੇ ਗਰਾਊਂਡ ਦਾ ਜਾਇਜ਼ਾ ਲਿਆ ਗਿਆ ਤਾਂ ਉਥੇ ਦਰਜਨਾਂ ਪ੍ਰਾਈਵੇਟ ਬੱਸਾਂ ਪਰਵਾਸੀਆਂ ਨਾਲ ਭਰੀਆਂ ਹੋਈਆਂ ਸਨ ਅਤੇ ਲੇਬਰ ਵੱਡੀ ਤਾਦਾਦ ਵਿਚ ਯੂਪੀ ਬਿਹਾਰ ਵੱਲ ਜਾ ਰਹੀ ਸੀ। ਅਸੀਂ ਬੱਸ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਬੀਤੇ ਸਾਲ ਜੋ ਪਰਵਾਸੀਆਂ ਨਾਲ ਸਲੂਕ ਹੋਇਆ ਉਹ ਉਸ ਤੋਂ ਬਹੁਤ ਡਰੇ ਹੋਏ ਹਨ। ਜਿਸ ਕਰਕੇ ਆਪੋ ਆਪਣੇ ਸੂਬਿਆਂ ਵਿਚ ਵਾਪਿਸ ਪਰਤ ਰਹੇ ਨੇ।
ਉਨ੍ਹਾਂ ਕਿਹਾ ਕਿ ਹਰ ਰੋਜ਼ ਇੱਕ ਹਜ਼ਾਰ ਤੋਂ ਵੱਧ ਲੇਬਰ ਨਿੱਜੀ ਬੱਸਾਂ ਰਾਹੀਂ ਯੂ ਪੀ ਬਿਹਾਰ ਦੇ ਵੱਖ ਵੱਖ ਸ਼ਹਿਰਾਂ 'ਚ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਾਧੂ ਬੱਸਾਂ ਵੀ ਯੂਪੀ ਬਿਹਾਰ ਲਈ ਲਗਾਈਆਂ ਗਈਆਂ ਨੇ। ਪਰ ਇਸਦੇ ਬਾਵਜੂਦ ਲੇਬਰ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਇਹ ਗਿਣਤੀ ਹਾਲ ਹੀ ਦੇ ਵਿੱਚ ਦੋ ਤਿੰਨ ਦਿਨਾਂ ਚ ਵਧਣ ਲੱਗੀ ਹੈ। ਉੱਧਰ ਦੂਜੇ ਪਾਸੇ ਜਦੋਂ ਅਸੀਂ ਪਰਵਾਸੀ ਲੇਬਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਕੋਰੋਨਾ ਤੋਂ ਡਰ ਗਏ ਨੇ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਜੇਕਰ ਪੰਜਾਬ 'ਚ ਲਾਕਡਾਊਨ ਲੱਗਿਆ ਤਾਂ ਉਹ ਇੱਥੇ ਹੀ ਰਹਿ ਜਾਣਗੇ ਅਤੇ ਫਿਰ ਨਾ ਉਨ੍ਹਾਂ ਨੂੰ ਕੰਮ ਮਿਲ ਸਕੇਗਾ ਅਤੇ ਨਾ ਹੀ ਉਹ ਇੱਥੇ ਰਹਿ ਕੇ ਆਪਣਾ ਗੁਜ਼ਾਰਾ ਕਰ ਸਕਣਗੇ। ਜਿਸ ਕਰਕੇ ਉਹ ਘਰਾਂ ਨੂੰ ਜਾਣ ਚ ਹੀ ਆਪਣੀ ਬਿਹਤਰੀ ਸਮਝ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਬੀਤੇ ਸਾਲ ਜੂਨ ਦੀ ਹਾਲਤ ਹੀ ਉਹ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ।