- ਕੋਰੋਨਾ ਪੀੜਤ ਪਰਿਵਾਰਾਂ ਲਈ ਘਰ ਘਰ ਪੈਕ ਕੀਤੇ ਲੰਗਰ ਪੈਕਟ ਅਤੇ ਗਰੀਬ ਤੇ ਲੋੜਵੰਦਾਂ ਲਈ ਲੰਗਰ ਸੇਵਾ ਮੁੜ ਸ਼ੁਰੂ ਕੀਤੀ ਹੈ : ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ, 20 ਅਪ੍ਰੈਲ 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੌਮੀ ਰਾਜਧਾਨੀ ਵਿਚ ਨਵੀਂ ਲਹਿਰ ਨਾਲ ਕੋਰੋਨਾ ਮਰੀਜ਼ਾਂ ਵਿਚ ਘਾਤਕ ਵਾਧਾ ਹੋਣ ਮਗਰੋਂ ਲੰਗਰ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਲੰਗਰ ਸੇਵਾ ਮੁੜ ਸ਼ੁਰੂ ਕੀਤੇ ਜਾਣ ਦੀ ਆਪ ਨਿੱਜੀ ਤੌਰ 'ਤੇ ਨਿਗਰਾਨੀ ਕੀਤੀ। ਉਹਨਾਂ ਦੱਸਿਆ ਕਿ ਕੋਰੋਨਾ ਪੀੜਤ ਪਰਿਵਾਰ ਜਿਹੜੇ ਆਪ ਖਾਣਾ ਨਹੀਂ ਬਣਾ ਸਕਦੇ ਜਾਂ ਖਾਣੇ ਦਾ ਇੰਤਜ਼ਾਮ ਨਹੀਂ ਕਰ ਸਕਦੇ, ਉਹਨਾਂ ਦੇ ਘਰਾਂ ਤੱਕ ਪੈਕ ਕੀਤੇ ਲੰਗਰ ਦੇ ਪੈਕੇਟ ਪਹੁੰਚਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਇਸ ਸਬੰਧੀ ਹੈਲਪਲਾਈਨ ਨੰਬਰ ਸ਼ੁਰੂ ਕੀਤੇ ਹਨ ਅਤੇ ਜਿਹੜੇ ਪਰਿਵਾਰਾਂ ਨੁੰ ਆਪਣੇ ਘਰਾਂ ਵਿਚ ਲੰਗਰ ਚਾਹੀਦਾ ਹੈ, ਉਹ ਇਹਨਾਂ ਫੋਨ ਲਾਈਨਾਂ ਰਾਹੀਂ ਦਿੱਲੀ ਗੁਰਦੁਆਰਾ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ ਤੇ ਕਮੇਟੀ ਯਕੀਨੀ ਬਣਾਏਗੀ ਕਿ ਇਹਨਾਂ ਦੇ ਘਰਾਂ ਤੱਕ ਲੰਗਰ ਪਹੁੰਚੇ।
ਉਹਨਾਂ ਦੱਸਿਆ ਕਿ ਅੱਜ ਲੰਗਰ ਸੇਵਾ ਮੁੜ ਸ਼ੁਰੂ ਕਰਨ ਦਾ ਪਹਿਲਾ ਦਿਨ ਸੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਟੀਮਾਂ ਨੇ ਉਹਨਾਂ ਪਰਿਵਾਰਾਂ ਤੱਕ ਲੰਗਰ ਪਹੁੰਚਾਇਆ ਜਿਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀ। ਉਹਨਾਂ ਦੱਸਿਆ ਕਿ ਪੌਸ਼ਟਿਕ, ਸਿਹਤਮੰਦ ਤੇ ਸਵਾਦ ਲੰਗਰ ਅਜਿਹੇ ਪਰਿਵਾਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਅਤੇ ਜਿਹੜੀਆਂ ਟੀਮਾਂ ਲੰਗਰ ਦੇ ਪੈਕਟ ਪਹੁੰਚਾ ਰਹੀਆਂ ਹਨ, ਉਹਨਾਂ ਨੇ ਪੀ ਪੀ ਈ ਕਿੱਟਾਂ ਤੇ ਹੋਰ ਸੁਰੱਖਿਆ ਇੰਤਜ਼ਾਮ ਵਰਤੇ ਹੋਏ ਹਨ।
ਸਿਰਸਾ ਤੇ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਘਰਾਂ ਤੱਕ ਲੰਗਰ ਦੀ ਹੋਮ ਡਲੀਵਰੀ ਤੋਂ ਇਲਾਵਾ ਕੌਮੀ ਰਾਜਧਾਨੀ ਵਿਚ ਗਰੀਬ ਤੇ ਲੋੜਵੰਦ ਲੋਕਾਂ ਲਈ ਵੀ ਲੰਗਰ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਵੱਡੀ ਗਿਣਤੀ ਵਿਚ ਮਜ਼ਦੂਰਾਂ ਨੇ ਸਾਡੀਆਂ ਟੀਮਾਂ ਨਾਲ ਲੰਗਰ ਲਈ ਸੰਪਰਕ ਕੀਤਾ ਸੀ ਤੇ ਇਹ ਟੀਮਾਂ ਅਜਿਹੇ ਲੋੜਵੰਦਾਂ ਨੁੰ ਲੰਗਰ ਵਰਤਾ ਰਹੀਆਂ ਹਨ।
ਦੋਹਾਂ ਆਗੂਆਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਗੁਰੂ ਸਾਹਿਬਾਨ ਦੇ ਦਰਸਾਏ ਰਾਹ 'ਤੇ ਚੱਲ ਰਹੀ ਹੈ ਅਤੇ ਇਹ ਯਕੀਨੀ ਬਣਾਏਗੀ ਕਿ ਕੌਮੀ ਰਾਜਧਾਨੀ ਵਿਚ ਕੋਈ ਵੀ ਭੁੱਖੇ ਢਿੱਡ ਨਾ ਸੌਂਵੇ। ਉਹਨਾਂ ਕਿਹਾ ਕਿ ਅਸੀਂ ਰੋਜ਼ਾਨਾ 1 ਜਾਂ 2 ਲੱਖ ਜਿੰਨੀ ਵੀ ਲੋੜ ਹੋਵੇ, ਉਨੇ ਲੋਕਾਂ ਨੂੰ ਲੰਗਰ ਛਕਾਉਣ ਲਈ ਤਿਆਰ ਹਾਂ ਤੇ ਅਸੀਂ ਇਸ ਹਿਸਾਬ ਨਾਲ ਤਿਆਰੀ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਕੋਰੋਨਾ ਪੀੜਤ ਪਰਿਵਾਰਾਂ ਨੂੰ ਜੇਕਰ ਆਪਣੇ ਲਈ ਖਾਣੇ ਦਾ ਪ੍ਰਬੰਧ ਕਰਨ ਵਿਚ ਮੁਸ਼ਕਿਲ ਆ ਰਹੀ ਹੈ ਤਾਂ ਉਹ ਸਾਡੀਆਂ ਦਿੱਤੀਆਂ ਹੈਲਪਲਾਈਨ 'ਤੇ ਸਾਡੇ ਨਾਲ ਸੰਪਰਕ ਕਰਨ।
ਉਹਨਾਂ ਮੁੜ ਇ ਨੰਬਰ ਜਾਰੀ ਕਰਦਿਆਂ ਕਿਹਾ ਕਿ ਲੋੜਵੰਦ ਸਾਡੇ ਨਾਲ ਨੰਬਰ 98119-14050, 98101-83038, 99530-86923, 93125-21855 ਅਤੇ 99900-33655 ਨੰਬਰ 'ਤੇ ਸੰਪਰਕ ਕਰ ਸਕਦੇ ਹਨ।