ਪਰਵਿੰਦਰ ਸਿੰਘ ਕੰਧਾਰੀ
- ਡਿਪਟੀ ਕਮਿਸ਼ਨਰ ਨੇ ਫੋਕਲ ਪੁਆਇੰਟ ਕੋਟਕਪੂਰਾ ਵਿਖੇ ਲੱਗੇ ਕੈਂਪ ਵਿੱਚ ਕੀਤੀ ਸ਼ਿਰਕਤ
ਫਰੀਦਕੋਟ 20 ਅਪ੍ਰੈਲ 2021 - ਭਿਆਨਕ ਮਹਾਂਮਾਰੀ ਕਰੋਨਾ ਤੋਂ ਬਚਾਅ ਅਤੇ ਇਸ ਦੀ ਰੋਕਥਾਮ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਟੀਕਾਕਰਨ ਮੁਹਿੰਮ ਲਈ ਸਮਾਜ ਦੇ ਸਾਰੇ ਵਰਗਾਂ ਦਾ ਸਹਿਯੋਗ ਜ਼ਰੂਰੀ ਹੈ ਤਾਂ ਜੋਂ ਅਸੀਂ ਇਸ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੇ ਨਾਲ ਨਾਲ ਇਸ ਦੇ ਮੁਕੰਮਲ ਖਾਤਮੇ ਲਈ ਸਮੂਹ ਲੋਕਾਂ ਦੇ ਟੀਕਾਕਰਨ ਵਿੱਚ ਆਪਣਾ ਸਹਿਯੋਗ ਦੇਈਏ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਫੋਕਲ ਪੁਆਇੰਟ ਕੋਟਕਪੂਰਾ ਵਿਖੇ ਕਰੋਨਾ ਤੋਂ ਬਚਾਅ ਸਬੰਧੀ ਨਰਾਇਣ ਐਗਰੋਂ ਫੂਡ ਲਿਮਟਿਡ ਅਤੇ ਰੋਟਰੀ ਕਲੱਬ ਰਾਇਲ ਕੋਟਕਪੂਰਾ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਚਲਾਏ ਗਏ ਵਿਸ਼ੇਸ਼ ਟੀਕਾਕਰਨ ਕੈਂਪ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ।
ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਬੱਸ ਸਟੈਂਡ ਕੋਟਕਪੂਰਾ ਅਤੇ ਹੋਰ ਕਈ ਥਾਵਾਂ ਤੇ ਲਗਾਏ ਗਏ ਟੀਕਾਕਰਨ ਕੈਂਪ ਵਿੱਚ ਵੀ ਸ਼ਿਰਕਤ ਕੀਤੀ ਅਤੇ ਮੈਡੀਕਲ ਟੀਮਾਂ, ਸਵੈ ਸੇਵੀ ਸੰਸਥਾਵਾਂ ਵੱਲੋਂ ਲਗਾਏ ਗਏ ਕੈਂਪਾਂ ਦੀ ਪ੍ਰਸੰਸਾ ਕੀਤੀ।
ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਪੂਰੇ ਦੇਸ਼ ਵਿੱਚ ਨਹੀਂ ਬਲਕਿ ਦੁਨੀਆ ਲਈ ਭਿਆਨਕ ਅਤੇ ਮਾਰੂ ਸਿੱਧ ਹੋ ਰਹੀ ਹੈ ਅਤੇ ਇਸ ਦਾ ਦੂਜਾ ਸਟਰੇਨ ਪਹਿਲਾਂ ਤੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਜਿੱਥੇ ਸਾਨੂੰ ਸਾਵਧਾਨੀਆਂ ਦੀ ਪਾਲਣਾ ਲਈ ਪਾਬੰਦ ਹੋਣਾ ਪਵੇਗਾ ਉੱਥੇ ਜਿਲ੍ਹੇ ਵਿੱਚ 100 ਪ੍ਰਤੀਸ਼ਤ ਟੀਕਾਕਰਨ ਮੁਹਿੰਮ ਨਾਲ ਇਸ ਦਾ ਖਾਤਮਾ ਸੰਭਵ ਹੈ।
ਉਨ੍ਹਾਂ ਕਿਹਾ ਕਿ 45 ਸਾਲ ਤੋਂ ਵੱਧ ਉੱਮਰ ਵਾਲੇ ਜਾਂ ਫਰੰਟ ਲਾਈਨ ਵਰਕਰ ਪਹਿਲ ਦੇ ਆਧਾਰ ਤੇ ਟੀਕਾ ਲਗਵਾਉਣ ਜਦੋਂ ਕਿ 1 ਮਈ ਤੋਂ ਸਰਕਾਰ ਵੱਲੋਂ 18 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਵੀ ਟੀਕਾਕਰਨ ਵਿੱਚ ਸ਼ਾਮਲ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਸਮਾਜ ਦੇ ਸਾਰੇ ਵਰਗਾਂ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ, ਵਪਾਰਕ ਅਦਾਰਿਆਂ ਆਦਿ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ ਅਤੇ ਅਸੀਂ ਸਾਰੇ ਮਿਲਕੇ ਹੀ ਇਸ ਬਿਮਾਰੀ ਤੇ ਫਤਹਿ ਹਾਸਲ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਕੱਲ ਸ਼ਾਮ ਤੱਕ ਫਰੀਦਕੋਟ ਜਿਲ੍ਹੇ ਵਿੱਚ 53645 ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ।
ਇਸ ਮੌਕੇ ਐਸ.ਐਮ.ਓ. ਫਰੀਦਕੋਟ ਡਾ. ਹਰਿੰਦਰ ਗਾਂਧੀ ਨੇ ਦੱਸਿਆ ਕਿ ਕਿ ਕੋਟਕਪੂਰਾ ਵਿੱਚ ਕੁੱਲ 4 ਟੀਮਾਂ ਕੰਮ ਕਰ ਰਹੀਆਂ ਹਨ। ਜਿਸ ਵਿੱਚੋਂ 3 ਵੈਕਸੀਨੇਸ਼ਨ ਅਤੇ ਇਕ ਟੀਮ ਸੈਪਲਿੰਗ ਲਈ ਕੰਮ ਕਰ ਰਹੀ ਹੈ।
ਇਸ ਮੌਕੇ ਸ੍ਰੀ ਸੁਭਾਸ਼ ਗੋਇਲ, ਐਮ.ਡੀ. ਨਰਾਇਣ ਐਗਰੋਂ ਫੂਡ ਲਿਮਟਿਡ, ਡਾਇਰੈਕਟਰ ਸ੍ਰੀ ਵਿਸ਼ਾਲ ਗੋਇਲ, ਸੈਕਟਰੀ ਮੈਨੇਜਰ ਸ੍ਰੀ ਸ੍ਰੀ ਸੁਮੀਤ ਖੁਰਾਣਾ ਤੋਂ ਇਲਾਵਾ ਹੋਰ ਹਾਜ਼ਰ ਸਨ।