ਨਾਕਾਬੰਦੀ ਦਾ ਦ੍ਰਿਸ਼
ਪੁਲਿਸ ਨੇ ਦੋ ਨਸ਼ਾ ਪੀੜਿਤ ਵਿਅਕਤੀਆਂ ਨੂੰ ਇਲਾਜ ਲਈ ਨਸ਼ਾ ਮੁਕਤੀ ਕੇਂਦਰ ਵਿੱਚ ਕਰਵਾਇਆ ਦਾਖਲ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ 27 ਅਪ੍ਰੈਲ : ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਆਈ.ਜੀ ਰੂਪਨਗਰ ਰੇਂਜ ਸ. ਹਰਚਰਨ ਸਿੰਘ ਭੁੱਲਰ ਦੀਆਂ ਹਦਾਇਤਾਂ ਉੱਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਬੀਤੀ ਸ਼ਾਮ 4 ਵਜੇ ਤੋਂ ਅੱਜ ਸਵੇਰ 4 ਵਜੇ ਤੱਕ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਵਿਸ਼ੇਸ ਨਾਕਾਬੰਦੀ ਤੇ ਨਾਈਟ ਡੋਮੀਨੇਸ਼ਨ ਅਭਿਆਨ ਚਲਾਇਆ ਗਿਆ ਜਿਸ ਤਹਿਤ ਐਸ.ਐਸ.ਪੀ ਸ੍ਰੀ ਸ਼ੁਭਮ ਅਗਰਵਾਲ ਨੇ ਦੇਰ ਰਾਤ ਖੁਦ ਨਾਕਿਆਂ ਦਾ ਨਿਰੀਖਣ ਕੀਤਾ , ਇਸ ਤੋਂ ਇਲਾਵਾ ਐਸ.ਪੀਜ਼, ਡੀ.ਐਸ.ਪੀਜ਼ ਅਤੇ ਥਾਣਾ ਮੁਖੀ ਵੀ ਵੱਖ ਵੱਖ ਨਾਕਿਆਂ ਉੱਤੇ ਚੈਕਿੰਗ ਪ੍ਰਕਿਰਿਆ ਦੌਰਾਨ ਤਾਇਨਾਤ ਰਹੇ
ਐਸ.ਐਸ.ਪੀ ਸ੍ਰੀ ਸ਼ੁਭਮ ਅਗਰਵਾਲ ਦੀ ਅਗਵਾਈ ਹੇਠ ਐਸ.ਪੀ (ਇਨਵੈਸਟੀਗੇਸ਼ਨ) ਰਾਕੇਸ਼ ਕੁਮਾਰ ਯਾਦਵ ਨੇ ਇਸ ਵਿਸ਼ੇਸ਼ ਅਭਿਆਨ ਦੀ ਨਿਗਰਾਨੀ ਕੀਤੀ , ਐਸਐਸਪੀ ਸ੍ਰੀ ਸ਼ੁਭਮ ਅਗਰਵਾਲ ਨੇ ਨਾਕਿਆਂ ਉੱਤੇ ਤਾਇਨਾਤ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦਾ ਜਾਇਜ਼ਾ ਲੈਂਦਿਆਂ ਤਸੱਲੀ ਪ੍ਰਗਟਾਈ ਅਤੇ ਪੁਲਿਸ ਮੁਲਾਜਮਾਂ ਨਾਲ ਗੱਲਬਾਤ ਕੀਤੀ , ਸ਼੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਸ਼ਾ ਤਸਕਰੀ ਨੂੰ ਮੁਕੰਮਲ ਤੌਰ 'ਤੇ ਠੱਲ੍ਹ ਪਾਉਣ ਲਈ ਜ਼ਿਲ੍ਹਾ ਪੁਲਿਸ 24 ਘੰਟੇ ਕਾਰਜਸ਼ੀਲ ਹੈ , ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਨਾਕਾਬੰਦੀ ਅਤੇ ਨਾਈਟ ਡੋਮੀਨੇਸ਼ਨ ਤਹਿਤ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਚੰਡੀਗੜ੍ਹ -ਲੁਧਿਆਣਾ ਰੋਡ ਉੱਤੇ ਪੈਂਦੇ ਪਿੰਡ ਖਾਂਟ ਨਜ਼ਦੀਕ, ਮੰਡੀ ਗੋਬਿੰਦਗੜ੍ਹ ਵਿਚ ਯੈੱਸ ਬੈਂਕ ਨਜ਼ਦੀਕ ਅਤੇ ਪੁਲਿਸ ਸਟੇਸ਼ਨ ਬਡਾਲੀ ਆਲਾ ਸਿੰਘ ਵਾਲਾ ਦੇ ਸਾਹਮਣੇ ਵਿਸ਼ੇਸ਼ ਨਾਕਾਬੰਦੀ ਕਰਦੇ ਹੋਏ ਜਿੱਥੇ 12 ਘੰਟਿਆਂ ਵਿੱਚ 800 ਵਾਹਨਾਂ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਉਥੇ ਹੀ ਅਨਿਯਮਤਾਵਾਂ ਸਾਹਮਣੇ ਆਉਣ ਉੱਤੇ 260 ਚਲਾਨ ਵੀ ਕੱਟੇ ਗਏ
ਐਸਐਸਪੀ ਸ੍ਰੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਜਾਂਚ ਮੁਹਿੰਮ ਦੌਰਾਨ 8 ਵਾਹਨਾਂ ਨੂੰ ਇਮਪਾਊਂਡ ਕੀਤਾ ਗਿਆ ਹੈ ਜਦਕਿ ਐਨਡੀਪੀਐਸ ਤਹਿਤ ਵੀ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਕੀਤੀ ਗਈ ਹੈ , ਉਹਨਾਂ ਦੱਸਿਆ ਕਿ ਇਸ ਦੌਰਾਨ ਦੋ ਵਿਅਕਤੀ ਨਸ਼ਾ ਪੀੜਿਤ ਪਾਏ ਗਏ ਜਿਨਾਂ ਨੂੰ ਇਲਾਜ ਲਈ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਹੈ ,ਐਸ.ਐਸ.ਪੀ ਨੇ ਗੈਰ ਸਮਾਜਿਕ ਅਨਸਰਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਕਿਸੇ ਨੂੰ ਵੀ ਅਮਨ ਕਾਨੂੰਨ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਵੀ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ , ਉਹਨਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਭਵਿੱਖ ਵਿੱਚ ਵੀ ਇਸਨੂੰ ਜੋਸ਼ੋ ਖਰੋਸ਼ ਨਾਲ ਜਾਰੀ ਰੱਖਿਆ ਜਾਵੇਗਾ , ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਐਸਪੀ (ਐਚ) ਹਰਤੇਸ਼ ਕੌਸ਼ਿਕ, ਡੀਐਸਪੀ ਬੱਸੀ ਪਠਾਣਾਂ ਰਾਜ ਕੁਮਾਰ, ਡੀਐਸਪੀ ਫਤਹਿਗੜ੍ਹ ਸਾਹਿਬ ਸੁਖਨਾਜ ਸਿੰਘ ਅਤੇ ਥਾਣਾ ਮੁਖੀਆਂ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਸੀ
