ਦਫਤਰੀ ਸਮੇਂ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ਸਰਕਾਰੀ ਕਰਮਚਾਰੀਆਂ ਨੂੰ ਫੋਨ ਤੇ ਉਪਲੱਬਧ ਰਹਿਣ ਦੇ ਹੁਕਮ
ਰਵੀ ਜੱਖੂ
ਚੰਡੀਗੜ੍ਹ, 27 ਅਪ੍ਰੈਲ 2025 - ਸਰਕਾਰ ਵੱਲੋਂ ਦਫਤਰੀ ਸਮੇਂ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ਸਰਕਾਰੀ ਮੁਲਜ਼ਮਾਂ ਨੂੰ ਫੋਨ ਤੇ ਉਪਲੱਬਧ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਹੁਕਮ 'ਚ ਕਿਹਾ ਗਿਆ ਹੈ ਕਿ ਕਈ ਵਾਰ ਪ੍ਰਸਾਸਨ ਨਾਲ ਸਬੰਧਤ ਕਈ ਕੰਮ ਤੁਰੰਤ ਕੀਤੇ ਜਾਣੇ ਹੁੰਦੇ ਹਨ, ਜਿਸ ਕਾਰਨ ਇਨ੍ਹਾਂ ਕੰਮਾਂ ਨਾਲ ਸਬੰਧਤ ਅਫਸਰਾਂ ਦੀ ਉਪਲੱਬਧਤਾ ਜ਼ਰੂਰੀ ਹੋ ਜਾਂਦੀ ਹੈ। ਕਈ ਵਾਰ ਵੇਖਣ ਵਿੱਚ ਆਇਆ ਹੈ ਕਿ ਕੁਝ ਅਫਸਰ ਦਫਤਰੀ ਸਮੇਂ ਤੋਂ ਬਾਅਦ ਮੋਬਾਇਲ ਉੱਤੇ ਉਪਲੱਬਧ ਨਹੀਂ ਹੁੰਦੇ ਕਿਉਂਕਿ ਜਾਂ ਤਾਂ ਉਨ੍ਹਾਂ ਦਾ ਮੋਬਾਇਲ ਬੰਦ ਹੁੰਦਾ ਹੈ ਜਾਂ ਨੈਟਵਰਕ ਕਵਰੇਜ ਖੇਤਰ ਤੋਂ ਬਾਹਰ ਹੁੰਦਾ ਹੈ ਜਾਂ ਡਾਈਵਰਜਨ/ਫਲਾਈਟ ਮੋਡ ਉੱਤੇ ਲਗਾਇਆ ਹੁੰਦਾ ਹੈ।
ਅਜਿਹੀ ਸਥਿਤੀ ਵਿੱਚ ਜ਼ਰੂਰੀ ਪ੍ਰਸ਼ਾਸਨਿਕ ਕੰਮਾਂ ਨੂੰ ਨੇਪਰੇ ਚਾੜ੍ਹਨ ਅਤੇ ਆਮ ਜਨਤਾ ਨੂੰ ਸੇਵਾਵਾਂ ਅਤੇ ਸੁਵਿਧਾਵਾਂ ਮੁਹੱਈਆ ਕਰਵਾਉਣ ਵਿੱਚ ਅੜਚਨ ਆਉਂਦੀ ਹੈ। ਜਿਸ ਕਰਨ ਸਰਕਾਰੀ ਮੁਲਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ, ਵਿਭਾਗ ਦੇ ਸਾਰੇ ਅਧਿਕਾਰੀਆਂ ਵਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਦਫਤਰੀ ਸਮੇਂ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ, ਜ਼ਰੂਰੀ ਦਫਤਰੀ/ਪ੍ਰਸ਼ਾਸਨਿਕ ਕੰਮਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਹਿੱਤ, ਆਪਣੇ ਮੋਬਾਇਲ ਰਾਹੀਂ ਉਪਲੱਬਧ ਰਹਿਣ ਤਾਂ ਕਿ ਇਨ੍ਹਾਂ ਕੰਮਾਂ ਨੂੰ ਸਮੇਂ ਸਿਰ ਨੇਪਰੇ ਚੜ੍ਹਾਇਆ ਜਾ ਸਕੇ।