ਪੰਜਾਬ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਕੀਤਾ ਪਰਦਾਫਾਸ਼: 7 ਪਿਸਤੌਲਾਂ, 1.5 ਲੱਖ ਰੁਪਏ ਨਕਦੀ ਅਤੇ ਇੱਕ ਥਾਰ ਗੱਡੀ ਬਰਾਮਦ
- ਪਾਕਿਸਤਾਨ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨਾਕਾਮ; ਪੰਜਾਬ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਕੀਤਾ ਪਰਦਾਫਾਸ਼
- 7 ਪਿਸਤੌਲਾਂ, 1.5 ਲੱਖ ਰੁਪਏ ਨਕਦੀ ਅਤੇ ਇੱਕ ਥਾਰ ਗੱਡੀ ਬਰਾਮਦ: ਡੀਜੀਪੀ ਗੌਰਵ ਯਾਦਵ
ਚੰਡੀਗੜ੍ਹ/ਅੰਮ੍ਰਿਤਸਰ, 27 ਅਪ੍ਰੈਲ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਪਾਕਿਸਤਾਨ ਅਧਾਰਤ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਸੰਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਆਪਣੇ ਆਸਟ੍ਰੇਲੀਆ-ਅਧਾਰਤ ਹੈਂਡਲਰ ਜੱਸਾ ਦੇ ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਸੀ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਗ੍ਰਿਫ਼ਤਾਰ ਕੀਤੇ ਦੋਸ਼ੀ ਦੀ ਪਛਾਣ ਅਭਿਸ਼ੇਕ ਕੁਮਾਰ ਵਜੋਂ ਕੀਤੀ ਹੈ, ਜੋ ਕਿ ਅੰਮ੍ਰਿਤਸਰ ਦੇ ਪਿੰਡ ਮੀਰਾਂਕੋਟ ਕਲਾਂ ਦਾ ਰਹਿਣ ਵਾਲਾ ਹੈ। ਪੁਲਿਸ ਟੀਮਾਂ ਨੇ ਉਸ ਦੇ ਕਬਜ਼ੇ ਵਿੱਚੋਂ ਸੱਤ ਪਿਸਤੌਲਾਂ, ਜਿਸ ਵਿੱਚ ਪੰਜ .30 ਬੋਰ ਅਤੇ ਦੋ ਆਧੁਨਿਕ 9 ਐਮਐਮ ਗਲੌਕ ਸ਼ਾਮਲ ਹਨ, ਸਮੇਤ ਚਾਰ ਕਾਰਤੂਸ ਅਤੇ 1.5 ਲੱਖ ਰੁਪਏ ਬਰਾਮਦ ਕੀਤੇ ਹਨ, ਇਸ ਤੋਂ ਇਲਾਵਾ ਹਥਿਆਰਾਂ ਦੀ ਤਸਕਰੀ ਲਈ ਵਰਤੀ ਜਾ ਰਹੀ ਉਸਦੀ ਮਹਿੰਦਰਾ ਥਾਰ ਗੱਡੀ ਨੂੰ ਜ਼ਬਤ ਕਰ ਲਿਆ ਹੈ।
ਡੀਜੀਪੀ ਨੇ ਖੁਲਾਸਾ ਕੀਤਾ ਕਿ ਸੀਆਈ ਅੰਮ੍ਰਿਤਸਰ ਨੂੰ ਭਰੋਸੇਯੋਗ ਖੁਫੀਆ ਜਾਣਕਾਰੀ ਮਿਲੀ ਸੀ ਕਿ ਆਸਟ੍ਰੇਲੀਆ ਅਧਾਰਤ ਜੱਸਾ, ਪਾਕਿਸਤਾਨ ਅਧਾਰਤ ਤਸਕਰਾਂ ਨਾਲ ਮਿਲ ਕੇ, ਆਪਣੇ ਸਥਾਨਕ ਸਾਥੀਆਂ ਅਭਿਸ਼ੇਕ ਕੁਮਾਰ ਅਤੇ ਉਸਦੇ ਸਾਥੀ ਜੋਧਬੀਰ ਸਿੰਘ ਉਰਫ਼ ਜੋਧਾ ਦੀ ਮਦਦ ਨਾਲ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਗੈਰ-ਕਾਨੂੰਨੀ ਹਥਿਆਰਾਂ/ਗੋਲਾ ਬਾਰੂਦ ਦੀ ਤਸਕਰੀ ਕਰ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਇਨਪੁੱਟ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਹ ਇਹ ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰਕੇ ਸੂਬੇ ਭਰ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਅੱਗੇ ਪਹੁੰਚਾਉਣ ਲਈ ਸਰਗਰਮੀ ਨਾਲ ਸ਼ਾਮਲ ਸਨ।
ਮੁਲਜ਼ਮ ਅਭਿਸ਼ੇਕ ਅਤੇ ਜੋਧਬੀਰ ਉਰਫ਼ ਜੋਧਾ ਬਾਰੇ ਮਿਲੀ ਜਾਣਕਾਰੀ 'ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਸੀਆਈ ਅੰਮ੍ਰਿਤਸਰ ਦੀਆਂ ਟੀਮਾਂ ਨੇ ਅੰਮ੍ਰਿਤਸਰ-ਪਠਾਨਕੋਟ ਬਾਈਪਾਸ ਜੀਟੀ ਰੋਡ 'ਤੇ ਮੋੜ ਪਿੰਡ ਫਤਿਹਗੜ੍ਹ ਸ਼ੁਕਰਚੱਕ ਨੇੜੇ ਛਾਪਾ ਮਾਰਿਆ ਅਤੇ ਮੁਲਜ਼ਮ ਅਭਿਸ਼ੇਕ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਆਪਣੀ ਥਾਰ ਗੱਡੀ ਵਿੱਚ ਕਿਸੇ ਧਿਰ ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਸਬੰਧੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਭਿਸ਼ੇਕ ਕੁਮਾਰ ਅਤੇ ਜੋਧਬੀਰ ਸਿੰਘ ਦੋਵੇਂ ਹਵਾਲਾ ਲੈਣ-ਦੇਣ ਵਿੱਚ ਸਰਗਰਮੀ ਨਾਲ ਸ਼ਾਮਲ ਹਨ, ਜੋ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਆਪਕ ਨੈੱਟਵਰਕ ਨਾਲ ਉਨ੍ਹਾਂ ਦੇ ਸੰਭਾਵੀ ਸਬੰਧਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ ਅਤੇ ਪੁਲਿਸ ਟੀਮਾਂ ਦੋਸ਼ੀ ਜੋਧਬੀਰ ਉਰਫ਼ ਜੋਧਾ ਨੂੰ ਫੜਨ ਲਈ ਛਾਪੇਮਾਰੀਆਂ ਕਰ ਰਹੀਆਂ ਹਨ।
ਇਸ ਸਬੰਧੀ ਥਾਣਾ ਐਸਐਸਓਸੀ, ਅੰਮ੍ਰਿਤਸਰ ਵਿਖੇ ਆਰਮਜ਼ ਐਕਟ ਦੀ ਧਾਰਾ 25, 25(1)(ਏ) ਅਤੇ 25(1)(ਬੀ) ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 61(2) ਤਹਿਤ ਐਫਆਈਆਰ ਨੰਬਰ 23 ਮਿਤੀ 26.04.2025 ਦਰਜ ਕੀਤੀ ਗਈ ਹੈ।