ਅਕਾਲੀ ਦਲ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਕੀਤਾ ਕੈਂਡਲ ਮਾਰਚ, ਪੀੜਤਾਂ ਵਾਸਤੇ ਨਿਆਂ ਮੰਗਿਆ
- ਦੇਸ਼ ਵਿਚ ਹਰ ਕੋਈ ਪੀੜਤਾਂ ਵਾਸਤੇ ਨਿਆਂ ਚਾਹੁੰਦੈ: ਚਰਨਜੀਤ ਸਿੰਘ ਵਿੱਲੀ
ਚੰਡੀਗੜ੍ਹ, 27 ਅਪ੍ਰੈਲ 2025: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਹਿਲਗਾਮ ਅਤਿਵਾਦੀ ਹਮਲੇ ਦੇ ਪੀੜਤਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਕੈਂਡਲ ਮਾਰਚ ਕੱਢਿਆ ਤੇ ਪੀੜਤਾਂ ਵਾਸਤੇ ਨਿਆਂ ਮੰਗਿਆ। ਇਸ ਕੈਂਡਲ ਮਾਰਚ ਦੀ ਅਗਵਾਈ ਪਾਰਟੀ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸਰਦਾਰ ਚਰਨਜੀਤ ਸਿੰਘ ਵਿੱਲੀ ਨੇ ਕੀਤੀ।
ਕੈਂਡਲ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਪਾਰਟੀ ਵਰਕਰਾਂ ਨੇ ਇਥੇ ਸੈਕਟਰ 28 ਵਿਚ ਪਾਰਟੀ ਦੇ ਮੁੱਖ ਦਫਤਰ ਵਿਚ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਹੀਦਾਂ ਨੂੰ ਸ਼ਰਧਜਲੀ ਭੇਂਟ ਕੀਤੀ।
ਬਾਅਦ ਵਿਚ ਪ੍ਰਦਰਸ਼ਨਕਾਰੀਆਂ ਨੇ ਪਾਰਟੀ ਦੇ ਮੁੱਖ ਦਫਤਰ ਤੋਂ ਟਰਾਂਸਪੋਰਟ ਚੌਂਕ ਤੱਕ ਕੈਂਡਲ ਮਾਰਚ ਕੀਤਾ ਤੇ ਫਿਰ ਮੌਕੇ ’ਤੇ ਰੈਲੀ ਕਰਕੇ ਅਤਿਵਾਦੀਆਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਚਰਨਜੀਤ ਸਿੰਘ ਵਿੱਲੀ ਨੇ ਕਿਹਾ ਕਿ ਦੇਸ਼ ਵਿਚ ਹਰ ਕਿਸੇ ਨੂੰ ਇਹਨਾਂ ਅਤਿਵਾਦੀਆਂ ਵੱਲੋਂ ਕੀਤੇ ਇਹਨਾਂ ਸੈਲਾਨੀਆਂ ਦੇ ਕਤਲਾਂ ਤੋਂ ਦੁੱਖ ਪੁੱਜਾ ਹੈ। ਉਹਨਾਂ ਕਿਹਾ ਕਿ ਹਰ ਭਾਰਤੀ ਚਾਹੁੰਦਾ ਹੈ ਕਿ ਇਸ ਦਹਿਸ਼ਤਗਰਦੀ ਹਮਲੇ ਦਾ ਬਦਲਾ ਲਿਆ ਜਾਵੇ ਤੇ ਇਸ ਮਾਮਲੇ ਵਿਚ ਲੋਕ ਭਾਰਤ ਸਰਕਾਰ ਦੇ ਨਾਲ ਹਨ।
ਉਹਨਾਂ ਕਿਹਾ ਕਿ ਸਾਰੀ ਦੁਨੀਆਂ ਨੇ ਇਸ ਮਾਮਲੇ ਵਿਚ ਭਾਰਤ ਦਾ ਸਮਰਥਨ ਕੀਤਾ ਹੈ ਅਤੇ ਹਰ ਕੋਈ ਅਤਿਵਾਦ ਦੇ ਇਸ ਅਣਮਨੁੱਖੀ ਕਾਰੇ ਦੀ ਨਿਖੇਧੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਕਾਰਵਾਈ ਨੂੰ ਕਿਸੇ ਵੀ ਤਰੀਕੇ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਉਹਨਾਂ ਕਿਹਾ ਕਿ ਪਾਕਿਸਤਾਨ ਇਸ ਕਾਰੇ ਲਈ ਜ਼ਿੰਮੇਵਾਰ ਹੈ ਜਿਸਨੇ ਅਤਿਵਾਦੀਆਂ ਨੂੰ ਇਸ ਹਮਲੇ ਵਾਸਤੇ ਸਿੱਖਲਾਈ ਦੇ ਕੇ ਭਾਰਤ ਭੇਜਿਆ। ਉਹਨਾਂ ਕਿਹਾ ਕਿ ਹਰ ਵਾਰ ਵਾਂਗੂ ਪਾਕਿਸਤਾਨ ਇਸ ਵਾਰ ਵੀ ਅਤਿਵਾਦੀ ਹਮਲੇ ਵਿਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰ ਰਿਹਾ ਹੈ ਪਰ ਦੁਨੀਆਂ ਭਰ ਵਿਚ ਹਰ ਕੋਈ ਜਾਣਦਾ ਹੈ ਕਿ ਪਾਕਿਸਤਾਨ ਨੇ ਅਤਿਵਾਦ ਨੂੰ ਆਪਣੀ ਸਰਕਾਰੀ ਨੀਤੀ ਬਣਾਇਆ ਹੋਇਆ ਹੈ।
ਉਹਨਾਂ ਕਿਹਾ ਕਿ ਹਰ ਭਾਰਤੀ ਨੂੰ ਆਸ ਹੈ ਕਿ ਭਾਰਤ ਸਰਕਾਰ ਇਹਨਾਂ ਅਤਿਵਾਦੀਆਂ ਅਤੇ ਇਹਨਾਂ ਦੇ ਆਕਾਵਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇਗੀ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਦੇਸ਼ ਦੇ ਨਾਲ ਰਿਹਾ ਹੈ ਤੇ ਦੇਸ਼ ਵਿਚ ਹਰ ਕੋਈ ਜਾਣਦਾ ਹੈ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਵਿਚ ਵੀ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਹੈ ਤੇ ਅੱਜ ਵੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਵਿਚ ਪੰਜਾਬੀ ਸਭ ਤੋਂ ਮੂਹਰੇ ਹਨ।
ਉਹਨਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਵਿਚ ਸਖ਼ਤ ਫੈਸਲਾ ਲਵੇ ਅਤੇ ਮਨੁੱਖਤਾ ਖਿਲਾਫ ਅਪਰਾਧ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ।