ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਿੰਡ ਕੈਦੂਪੁਰ ਵਿਖੇ ਕਣਕ ਦੇ ਸੜੇ ਨਾੜ ਦਾ ਜਾਇਜ਼ਾ ਲਿਆ
- ਸਿਹਤ ਮੰਤਰੀ ਆਪਣੀ ਤਨਖ਼ਾਹ ‘ਚੋਂ ਕਰਵਾਉਣਗੇ ਹਾਦਸੇ ‘ਚ ਝੁਲਸੇ ਮਜ਼ਦੂਰ ਦਾ ਬਿਹਤਰ ਇਲਾਜ-ਸੌਂਦ
- ਕਿਹਾ, ਪੰਜਾਬ ਸਰਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਨਾਲ ਖੜ੍ਹੀ
ਨਾਭਾ, ਭਾਦਸੋਂ, 27 ਅਪ੍ਰੈਲ 2025 - ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਸ਼ਾਮ ਨਾਭਾ ਬਲਾਕ ਤੇ ਪਟਿਆਲਾ ਦਿਹਾਤੀ ਹਲਕੇ ਦੇ ਪਿੰਡ ਕੈਦੂਪੁਰ ਵਿਖੇ ਪਹੁੰਚ ਕੇ ਬੀਤੀ ਸ਼ਾਮ ਦੋ ਕਿਸਾਨਾਂ ਦੇ ਕਰੀਬ 16 ਏਕੜ ਕਣਕ ਦੇ ਨਾੜ ਨੂੰ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐਸ.ਡੀ.ਐਮ ਨਾਭਾ ਡਾ. ਇਸਮਤ ਵਿਜੇ ਸਿੰਘ ਵੀ ਮੌਜੂਦ ਸਨ।
ਇਸ ਦੌਰਾਨ ਸ. ਸੌਂਦ ਨੇ ਕਿਸਾਨ ਮਨਜੀਤ ਸਿੰਘ, ਜਿਸਦੇ 14 ਏਕੜ ਰਕਬੇ ਤੇ ਕੁਲਵਿੰਦਰ ਸਿੰਘ, ਜਿਸਦੇ 4 ਏਕੜ ਰਕਬੇ ਵਿੱਚ ਨਾੜ ਸੜਿਆ ਹੈ, ਸਮੇਤ ਇਸ ਹਾਦਸੇ ਵਿੱਚ ਝੁਲਸੇ ਅਜਨੌਦਾ ਖੁਰਦ ਦੇ ਵਾਸੀ ਖੇਤ ਮਜ਼ਦੂਰ ਦਿਆਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ ਤੇ ਮਜ਼ਦੂਰ ਦਾ ਇਲਾਜ ਕਰਵਾਇਆ ਜਾਵੇਗਾ।
ਕਿਰਤ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਉਦਯੋਗ ਅਤੇ ਵਣਜ ਅਤੇ ਪ੍ਰਾਹੁਣਚਾਰੀ ਵਿਭਾਗਾਂ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਘਟਨਾ ਬਾਰੇ ਜਾਣੂ ਕਰਵਾਉਂਦਿਆ ਅਪਣੇ ਹਲਕੇ ਦੇ ਪਿੰਡ ਵਾਸੀਆਂ ਨੂੰ ਮਿਲਣ ਲਈ ਕਿਹਾ ਸੀ, ਕਿਉਂਕਿ ਉਹ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਜਾਇਜ਼ਾ ਲੈਣ ਸਰਹੱਦੀ ਖੇਤਰ ਦਾ ਦੌਰਾ ਕਰਨ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਨੇ ਕਿਹਾ ਹੈ ਕਿ ਖੇਤ ਮਜ਼ਦੂਰ ਦਾ ਬਿਹਤਰ ਇਲਾਜ ਯਕੀਨੀ ਬਣਾਇਆ ਜਾਵੇਗਾ ਅਤੇ ਉਹ ਉਸਦੇ ਇਲਾਜ ਲਈ ਆਪਣੀ ਤਨਖਾਹ ਵਿੱਚੋਂ ਖ਼ਰਚਾ ਅਦਾ ਕਰਨਗੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਤੂੜੀ ਦਾ ਪ੍ਰਬੰਧ ਵੀ ਕਰਕੇ ਦਿੱਤਾ ਜਾਵੇਗਾ।
ਤਰੁਨਪ੍ਰੀਤ ਸਿੰਘ ਸੌਂਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਕੁਦਰਤੀ ਹੁੰਦੀਆਂ ਹਨ ਪਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੀ ਰੋਕਥਾਮ ਲਈ ਫੌਰੀ ਕਦਮ ਚੁੱਕੇ ਜਾਂਦੇ ਹਨ, ਜਿਵੇਂ ਕਿ ਕੈਦੂਪੁਰ ਦੀ ਘਟਨਾ ਬਾਰੇ ਉਨ੍ਹਾਂ ਨੂੰ ਪਿੰਡ ਦੇ ਕਿਸਾਨਾਂ, ਸਰਪੰਚ ਤੇ ਨੰਬਰਦਾਰ ਨੇ ਦੱਸਿਆ ਹੈ ਕਿ ਫਾਇਰ ਬ੍ਰਿਗੇਡ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਈ ਸੀ, ਜਿਸ ਕਾਰਨ ਹੋਰ ਵੱਡੇ ਨੁਕਸਾਨ ਹੋਣ ਦਾ ਬਚਾਅ ਹੋ ਗਿਆ। ਉਨ੍ਹਾਂ ਕਿਹਾ ਕਿਉਂਕਿ ਮੌਸਮ ਵਿੱਚ ਇੱਕਦੰਮ ਤਬਦੀਲੀ ਆਉਣ ਕਾਰਨ ਗਰਮ ਹਵਾਵਾਂ ਚੱਲ ਰਹੀਆਂ ਹਨ ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਪ੍ਰੰਤੂ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋਵੇ।
ਇਸ ਮੌਕੇ ਨਜੀਤ ਸਿੰਘ ਤੇ ਕੁਲਵਿੰਦਰ ਸਿੰਘ ਸਮੇਤ ਪਿੰਡ ਦੇ ਨੰਬਰਦਾਰ ਕੁਲਦੀਪ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਫੌਰੀ ਤੌਰ ‘ਤੇ ਉਨ੍ਹਾਂ ਦੀ ਸਾਰ ਲੈਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਕੈਬਨਿਟ ਮੰਤਰੀ ਸੌਂਦ ਖੁਦ ਪੁੱਜੇ ਹਨ ਉੱਥੇ ਹੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮਜ਼ਦੂਰ ਦਿਆਲ ਸਿੰਘ ਦੇ ਇਲਾਜ ਲਈ ਵੀ ਤੁਰੰਤ ਹਦਾਇਤਾਂ ਜਾਰੀ ਕੀਤੀਆਂ।